ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥
ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ।
(ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥
(ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ,
(ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ।
ਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥
ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ,
ਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥
(ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ।
ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥
(ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।
ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥
ਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-
ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ,
ਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥
ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ,
ਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥
ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ-
(ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥
ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ,
ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥
(ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ-
ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥
ਗੁਰੂ ਅਰਜਨਦੇਵ ਜੀ ਦੀ ਬਾਣੀ 'ਫੁਨਹੇ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ।
ਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।
(ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਮੈਂ (ਨਾਨਕ) ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ ॥੧॥
(ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੀ ਰਹਾਂ,
(ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ।
(ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ।
ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ ॥੨॥
ਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ-ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ,
(ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ,
ਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।
ਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ॥੩॥
ਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।
(ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ)।
(ਇਹੋ ਜਿਹੀ ਸੋਹਾਗਣ ਦੀ ਸੰਗਤ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ।
ਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ ॥੪॥