(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥
(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।
ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥
ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।
ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥
ਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;
(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥
ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।
(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥
ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।
ਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।
ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥
(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ।
(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥
ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ;
ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ।
(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥
ਕਬੀਰ ਆਖਦਾ ਹੈ- ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)।
ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,
(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।