ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥
ਛੰਤ
ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।
(ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।
ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ।
ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ ॥੧॥
ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ।
ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ।
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?
ਹੇ ਨਾਨਕ! ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥
ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।
ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।
ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ!
ਹੇ ਨਾਨਕ! (ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ ॥੩॥
ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ।
(ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ।
(ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥
ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।
ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।
ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।
ਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥
ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।
(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।
(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।
ਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥
ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।
ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥
ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।
ਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।
ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।
ਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥