ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 171


ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥

(ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ॥੧॥

ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥

ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ ॥੧॥ ਰਹਾਉ ॥

ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥

(ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।

ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥

(ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ ॥੨॥

ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ।

ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥

ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ॥੩॥

ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥

(ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀਂ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ।

ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥

ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ। ਅਰਦਾਸ ਕਰੋ ਤੇ ਆਖੋ-) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ ॥੪॥੭॥੨੧॥੫੯॥

ਗਉੜੀ ਪੂਰਬੀ ਮਹਲਾ ੪ ॥

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥

(ਹੇ ਭਾਈ!) ਇਹ ਸਰੀਰ-ਨਗਰ ਕਾਮ ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ (ਗੰਦਾ ਹੋਇਆ ਰਹਿੰਦਾ ਹੈ), ਗੁਰੂ ਨੂੰ ਮਿਲ ਕੇ (ਕਾਮ ਕ੍ਰੋਧ ਆਦਿਕ ਦੇ) ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ।

ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਪੂਰਬਲੇ ਜਨਮ ਵਿਚ (ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉਤੇ) ਲੇਖ ਲਿਖੇ ਜਾਂਦੇ ਹਨ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਤੇ ਉਸ ਦੇ ਮਨ ਵਿਚ ਹਰਿ-ਚਰਨਾਂ ਵਿਚ ਸੁਰਤ ਜੁੜਨ ਦੀ ਬਰਕਤਿ ਨਾਲ ਆਤਮਕ ਰੌਸ਼ਨੀ ਦੀ ਸਜਾਵਟ ਹੋ ਜਾਂਦੀ ਹੈ ॥੧॥

ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥

(ਹੇ ਭਾਈ!) ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰ, ਇਹ ਵੱਡਾ ਨੇਕ ਕੰਮ ਹੈ।

ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ਗੁਰੂ ਅੱਗੇ ਡੰਡਉਤ ਕਰ, ਇਹ ਬੜਾ ਭਲਾ ਕੰਮ ਹੈ ॥੧॥ ਰਹਾਉ ॥

ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥

ਮਾਇਆ-ਵੇੜ੍ਹੇ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਦਾ ਸੁਆਦ ਨਹੀਂ ਜਾਣਦੇ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ (ਟਿਕਿਆ ਰਹਿੰਦਾ) ਹੈ।

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਉਹ ਮਨੁੱਖ ਜਿਉਂ ਜਿਉਂ (ਜੀਵਨ-ਮਾਰਗ ਵਿਚ) ਚਲਦੇ ਹਨ ਤਿਉਂ ਤਿਉਂ (ਉਹ ਹਉਮੈ ਦਾ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁਖ ਪਾਂਦੇ ਹਨ, ਉਹ ਆਪਣੇ ਸਿਰ ਉਤੇ ਆਤਮਕ ਮੌਤ-ਰੂਪ ਡੰਡਾ (ਡੰਡੇ ਦੀ ਚੋਟ) ਸਹਾਰਦੇ ਰਹਿੰਦੇ ਹਨ ॥੨॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥

ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁਖ ਸੰਸਾਰ-ਸਮੁੰਦਰ (ਦੇ ਵਿਕਾਰਾਂ) ਦਾ ਦੁਖ ਨਾਸ ਹੋ ਜਾਂਦਾ ਹੈ।

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ ॥੩॥

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥

ਹੇ ਪ੍ਰਭੂ! ਹੇ ਹਰੀ! ਅਸੀਂ ਜੀਵ ਗ਼ਰੀਬ ਹਾਂ, ਆਜਿਜ਼ ਹਾਂ, ਤੇਰੇ ਹਾਂ, ਤੂੰ ਸਾਡਾ ਸਭ ਤੋਂ ਵੱਡਾ ਆਸਰਾ ਹੈਂ, ਸਾਡੀ ਰੱਖਿਆ ਕਰ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥

ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ (ਜ਼ਿੰਦਗੀ ਦਾ) ਆਸਰਾ ਸਹਾਰਾ ਬਣਾਇਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੮॥੨੨॥੬੦॥

ਗਉੜੀ ਪੂਰਬੀ ਮਹਲਾ ੪ ॥

ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥

ਇਸ (ਸਰੀਰ-) ਕਿਲ੍ਹੇ ਵਿਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ, (ਪਰ ਵਿਕਾਰਾਂ ਦੇ ਸੁਆਦਾਂ ਵਿਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ।

ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰਸਬਦੀ ਚਖਿ ਡੀਠਾ ॥੧॥

ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸਚ ਮੁਚ ਹੀ ਮਿੱਠਾ ਹੈ) ॥੧॥

ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥

(ਹੇ ਭਾਈ!) ਗੁਰੂ (ਦੇ ਚਰਨਾਂ ਵਿਚ) ਲਿਵ (ਲਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ। (ਦੁਨੀਆ ਦੇ ਸਭ ਰਸਾਂ ਨਾਲੋਂ ਇਹ ਰਸ) ਮਿੱਠਾ ਹੈ ॥੧॥ ਰਹਾਉ ॥

ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥

ਜੇਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ ਗੁਰੂ ਨੂੰ ਮਿਲ ਕੇ ਗੁਰੂ-ਵਕੀਲ ਦੀ ਚਰਨੀਂ ਲੱਗ ਕੇ (ਹੀ ਮਿਲਦਾ ਹੈ)।

ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ ॥੨॥

ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਹਨਾਂ ਦੇ ਅੰਦਰ (ਵਿਕਾਰਾਂ ਦੀ) ਕਾਲਖ ਹੀ ਕਾਲਖ ਹੁੰਦੀ ਹੈ।

ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥

ਸੱਪ ਨੂੰ ਕਿਤਨਾ ਹੀ ਦੁੱਧ ਪਿਲਾਈ ਜਾਈਏ ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ (ਇਹੀ ਹਾਲਤ ਮਨਮੁਖ ਦੀ ਹੁੰਦੀ ਹੈ) ॥੩॥

ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥

ਹੇ ਹਰੀ! ਹੇ ਪ੍ਰਭੂ! (ਮਿਹਰ ਕਰ) ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ ਸੱਪ ਦਾ ਜ਼ਹਰ ਉਤਰਦਾ ਹੈ।

ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥

ਹੇ ਦਾਸ ਨਾਨਕ! (ਆਖ-ਅਸੀ) ਗੁਰੂ ਦੇ ਗ਼ੁਲਾਮ ਹਾਂ ਸੇਵਕ ਹਾਂ, ਗੁਰੂ ਦੀ ਸੰਗਤਿ ਵਿਚ ਬੈਠਿਆਂ ਕੌੜਾ (ਸੁਭਾਉ) ਮਿੱਠਾ ਹੋ ਜਾਂਦਾ ਹੈ ॥੪॥੯॥੨੩॥੬੧॥

ਗਉੜੀ ਪੂਰਬੀ ਮਹਲਾ ੪ ॥

ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥

(ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ।

ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥

ਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ ॥੧॥

ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥

(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430