ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ।
ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ।
ਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ।
ਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ ॥੨॥
ਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ।
ਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ।
(ਇਸ ਤਰ੍ਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ। ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ ॥੩॥
ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ ॥੧॥ ਰਹਾਉ ॥
ਹੇ ਨਾਨਕ! (ਆਖ-) ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ-
ਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ। ਸਭ ਇਥੇ ਹੀ ਰਹਿ ਜਾਂਦੇ ਹਨ।
ਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ। (ਇਹਨਾਂ ਵਿਚ ਭੀ ਇਤਨਾ ਸਵਾਦ ਨਹੀਂ ਜਿਤਨਾ ਹੇ ਪ੍ਰਭੂ!) ਤੇਰਾ ਨਾਮ ਮਿੱਠਾ ਹੈ ॥੪॥
ਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ (ਮੌਤ ਆਇਆਂ) ਇਹ ਸੁਆਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ।
(ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ।
(ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ ॥੫॥
ਹੇ ਮੂਰਖ ਅੰਞਾਣ ਮਨ! ਸੁਣ।
ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ (ਲੋਬ ਲੋਭ ਆਦਿਕ ਛੱਡ ਕੇ ਉਸ ਦੀ ਰਜ਼ਾ ਵਿਚ ਤੁਰਨਾ ਸਿੱਖ) ॥੧॥ ਰਹਾਉ ॥
ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ)।
ਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ। ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ ॥੬॥੧॥੧੩॥
ਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ?
ਹੇ ਭਾਈ! ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ? ॥੧॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ,
ਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ (ਭਾਵ, ਮੌਤ ਆਉਣ ਵਾਲੀ ਹੈ) ॥੧॥ ਰਹਾਉ ॥
ਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ। (ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ।
ਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ (ਦੁਨੀਆ ਵਾਲੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ ॥੨॥
(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।
ਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ) ॥੩॥
(ਸਾਰੀ ਉਮਰ ਜਦ ਤਕ ਜੀਵ ਜੀਊਂਦਾ ਰਿਹਾ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ।
ਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ (ਪਾਪਾਂ ਦੇ ਕਾਰਨ) ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ ॥੪॥੨॥੧੪॥
ਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ-ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ-ਇਸ ਯਕੀਨ ਨੂੰ ਗੋਦੜੀ ਬਣਾ।
ਹੇ ਰਾਵਲ! (ਤੁਸੀ ਹੋਰਨਾਂ ਨੂੰ ਚੇਲੇ ਬਣਾਂਦੇ ਫਿਰਦੇ ਹੋ) ਆਪਣੇ ਪੰਜੇ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰੋ, ਚੇਲੇ ਬਣਾਓ, ਆਪਣੇ ਮਨ ਨੂੰ ਡੰਡਾ ਬਣਾਓ (ਤੇ ਹੱਥ ਵਿਚ ਫੜੋ। ਭਾਵ, ਕਾਬੂ ਕਰੋ) ॥੧॥
(ਹੇ ਰਾਵਲ!) ਤਾਂ ਤੂੰ ਇਸ ਤਰ੍ਹਾਂ ਜੋਗ (ਪ੍ਰਭੂ-ਚਰਨਾਂ ਵਿਚ ਜੁੜਨ) ਦਾ ਤਰੀਕਾ ਲੱਭ ਲਏਂਗਾ,
ਜੇ ਤੂੰ ਉਸ ਗੁਰ-ਸ਼ਬਦ ਵਿਚ ਮਨ ਜੋੜੇਂ (ਜਿਸ ਤੋਂ ਬਿਨਾ) ਕੋਈ ਹੋਰ (ਜੀਵਨ-ਰਾਹ ਵਿਖਾਣ ਦੇ ਸਮਰੱਥ) ਨਹੀਂ ਹੈ। ਤੂੰ ਤਾਂ ਗਾਜਰ ਮੂਲੀ ਆਦਿਕ ਖਾਣ ਵਿਚ ਮਨ ਜੋੜਦਾ ਫਿਰਦਾ ਹੈਂ ॥੧॥ ਰਹਾਉ ॥
ਜੇ (ਗੰਗਾ ਦੇ ਕੰਢੇ) ਸਿਰ ਮੁਨਾਇਆਂ ਗੁਰੂ ਮਿਲਦਾ ਹੈ (ਭਾਵ, ਤੁਸੀ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ) ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, (ਭਾਵ, ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿਤ੍ਰ ਤੀਰਥ ਹੈ)।
ਅੰਨ੍ਹਾ (ਰਾਵਲ) ਉਸ ਇਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਣਾਂ (ਦੇ ਜੀਵਾਂ) ਨੂੰ ਤਾਰਨ ਦੇ ਸਮਰਥ ਹੈ ॥੨॥
ਹੇ ਜੋਗੀ! ਤੂੰ (ਜੋਗ ਦਾ) ਵਿਖਾਵਾ ਕਰ ਕੇ ਨਿਰੀਆਂ ਗੱਲਾਂ ਵਿਚ ਹੀ ਲੋਕਾਂ ਦਾ ਮਨ ਪਰਚਾਂਦਾ ਹੈਂ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ।