ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ।
ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ ॥੨॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
ਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ।
ਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ ॥੩॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ।
ਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ।
ਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੭॥੨੭॥
ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ।
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ ॥੧॥
ਇਹ ਸਿਫ਼ਤ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ)।
ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ॥੧॥ ਰਹਾਉ ॥
ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ,
(ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ।
ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ॥੩॥
ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,
ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੪॥੮॥੨੮॥
(ਸੰਸਾਰ ਵਿਚ ਦਿੱਸਦੇ ਇਹ) ਸਾਰੇ (ਵਖ ਵਖ) ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ।
ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ।
ਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ ॥੧॥
ਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ (ਇਸ ਬਹੁ-ਰੰਗੀ ਸੰਸਾਰ ਵਿਚ ਹਰ ਥਾਂ) ਮੌਜੂਦ ਹੈ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ ॥੧॥ ਰਹਾਉ ॥
(ਆਪਣੀ) ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ ਹੀ ਉਹ) ਪਰਮਾਤਮਾ ਸਭਨਾਂ ਥਾਵਾਂ ਵਿਚ ਵਿਆਪਕ ਹੋ ਰਿਹਾ ਹੈ।
ਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ। ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ।
(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ ॥੨॥
ਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ,
ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।
(ਹਾਂ) ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੩॥
(ਇਸ ਬਹੁ-ਰੰਗੀ ਸੰਸਾਰ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ) ਸੁਣ ਸੁਣ ਕੇ (ਹਰੇਕ ਦੀ) ਸੰਭਾਲ ਕਰਦਾ ਹੈ, (ਤੇ ਅਰਦਾਸ ਸੁਣ ਕੇ ਹੀ ਜੀਵ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।
(ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ।
ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਅਨੇਕਾਂ ਜੀਵ) ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੪॥੯॥੨੯॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ।
ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ ॥੧॥
ਉਹ (ਵਡਭਾਗੀ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ,
ਜੇਹੜਾ ਕੋਈ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
ਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ।
ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ।
(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ ॥੨॥
ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ।
ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ।
ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥