ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1416


ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ ॥੨੬॥

ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥

ਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ।

ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥

ਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ।

ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥

ਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ।

ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥

ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ ਕਿ ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨੭॥

ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥

ਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ।

ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥

ਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ।

ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ। (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ)।

ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥

ਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ।

ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥

ਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ ॥੨੮॥

ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥

ਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।

ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥

ਹੇ ਹਰੀ! ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ।

ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥

ਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ।

ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥

(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ।

ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨੑ ਜੈਕਾਰੁ ॥੨੯॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ ॥੨੯॥

ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥

(ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ,

ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥

ਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ।

ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿੑ ॥

ਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ।

ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿੑ ॥੩੦॥

ਹੇ ਨਾਨਕ! ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ ॥੩੦॥

ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ।

ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥

ਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ।

ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥

ਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ। ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ?

ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ।

ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥

ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ।

ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥

ਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ।

ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥

ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।

ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ ॥੩੧॥

ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥

(ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ। (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।

ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥

ਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ।

ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥

ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ ॥੩੨॥

ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥

ਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ।

ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥

ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ।

ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥

ਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ।

ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥

(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ 'ਗੁਰ ਕੀ ਪਉੜੀ' ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ।

ਅੰਤਰਿ ਆਇ ਵਸੈ ਗੁਰਸਬਦੁ ਵੀਚਾਰੈ ਕੋਇ ॥

ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430