ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,
ਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।
ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥
ਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!
ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥
ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,
ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।
(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥
(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।
ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।
(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥
(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।
(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।
(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥
ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?
(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।
(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥
(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।
(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥
(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।
(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।
(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥
(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?
ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?
ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥
ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।
(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥
ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?
ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?
ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥
ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।
ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।