ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।
ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ ॥
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।
ਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।
ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,
ਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।
ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।
(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥
ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ,
ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ॥੧॥
ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ, (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ) ਐਸੀ ਸਿਆਣਪ ਫਿਟਕਾਰਜੋਗ ਹੈ,
ਜੇ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ॥੧॥ ਰਹਾਉ ॥
ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ।
ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ॥੨॥
ਜੋ ਗੁਰੂ ਦੀ ਸਰਨ ਪੈ ਕੇ, ਸਾਧ ਸੰਗਤਿ ਵਿਚ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ,
ਉਹ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥
ਇਹ ਸੰਸਾਰ ਮਦਾਰੀ ਦੇ ਨਾਟਕ ਵਾਂਗ ਇਕ ਖੇਡ (ਹੀ) ਹੈ,
ਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ॥੪॥
ਮਨੁੱਖ (ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ-ਇਸ) ਹਉਮੈ ਦੀ ਖੇਡ, ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ,
ਤੇ ਇੰਜ ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ; ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ॥੫॥
ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ), ਇਸ ਤਰ੍ਹਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ ਹੀ ਹੈ (ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ)।
ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ ਜੋ ਜੀਵਨ-ਰਾਤ (ਆਤਮਕ ਅਗਿਆਨਤਾ) ਲਈ ਸਵੇਰ ਦਾ ਚਾਨਣ ਬਣਦਾ ਹੈ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ॥੬॥
ਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ, ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ।
ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥
ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ।
ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ।
ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ॥੧॥
(ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਵੀ ਤੇਰੇ ਦਾਸ ਹਨ ਤੇ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਵੀ ਤੂੰ ਹੀ ਆਸਰਾ ਹੈਂ।