ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ)।
(ਹੇ ਭਾਈ! ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਟਿਕੀ ਰਹੇਗੀ।
(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ;
ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ।
(ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ।
ਹੇ ਨਾਨਕ! (ਆਖ-) ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ ॥੩੨॥
ਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ;
ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ ॥੧॥
ਪਉੜੀ
ਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
ਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ।
ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ,
ਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ।
(ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ।
ਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ।
(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
ਹੇ ਨਾਨਕ! (ਆਖ-) ਜਿੱਧਰ ਤੂੰ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ॥੩੩॥
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤ ਪ੍ਰਭੂ ਆਪ ਹੀ ਦੇਣ ਵਾਲਾ ਹੈ।
(ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ ॥੧॥
ਪਉੜੀ
ਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ,
ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ।
ਦਾਤਾਰ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ,
ਹੇ ਮੂਰਖ ਮਨ! ਤੂੰ ਉਸ ਨੂੰ ਕਿਉਂ ਭੁਲਾਂਦਾ ਹੈਂ?
ਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਭੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ)
(ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ੍ਹ ਬਣਾ ਦਿੱਤਾ ਹੈ।
ਹੇ ਪ੍ਰਭੂ! ਜਿਨ੍ਹਾਂ ਬੰਦਿਆਂ ਦੇ ਦਿਲ ਵਿਚੋਂ ਤੂੰ ਆਪ ਹੀ (ਮਾਇਆ ਦੇ ਮੋਹ ਦੀਆਂ) ਚੋਭਾਂ ਦੂਰ ਕਰਦਾ ਹੈਂ,
ਹੇ ਨਾਨਕ! (ਆਖ-) ਉਹ ਗੁਰੂ ਦੀ ਸਰਨ ਪੈ ਕੇ ਮਾਇਆ ਵਲੋਂ ਰੱਜ ਜਾਂਦੇ ਹਨ (ਤ੍ਰਿਸ਼ਨਾ ਮੁਕਾ ਲੈਂਦੇ ਹਨ) ॥੩੪॥
ਹੇ ਮੇਰੀ ਜਿੰਦੇ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ।
ਹੇ ਨਾਨਕ! ਸਦਾ ਪ੍ਰਭੂ ਦੀ ਯਾਦ ਮਨ ਵਿਚ ਵਸਾਣੀ ਚਾਹੀਦੀ ਹੈ, ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥
ਪਉੜੀ
ਜੇ ਸੰਤਾਂ ਦੀ ਸੰਗਤਿ ਵਿਚ ਬਹਣ-ਖਲੋਣ ਹੋ ਜਾਏ, ਤਾਂ (ਮਾਇਆ ਦੀ ਖ਼ਾਤਰ ਮਨ ਦੀ ਬੇ-ਸਬਰੀ ਵਾਲੀ) ਭਟਕਣਾ ਮਿਟ ਜਾਂਦੀ ਹੈ।
(ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ)।
(ਉਸ ਨੂੰ ਇਹ ਗਿਆਨ ਹੁੰਦਾ ਹੈ ਕਿ) ਅਸਲ ਸੱਚੇ ਸਾਹੂਕਾਰ ਉਹ ਹਨ (ਜਿਨ੍ਹਾਂ ਪਾਸ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਹੈ,
ਜੋ ਹਰੀ-ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ।
ਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ,
ਜੇਹੜੇ ਬੰਦੇ ਹਰੀ-ਨਾਮ ਕੰਨਾਂ ਨਾਲ (ਧਿਆਨ ਨਾਲ) ਸੁਣਦੇ ਰਹਿੰਦੇ ਹਨ।
ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
ਹੇ ਨਾਨਕ! ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੩੫॥
ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ)
ਹੇ ਨਾਨਕ! ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ ॥੧॥
ਪਉੜੀ
ਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ,
ਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ।
ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ,
ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ।
ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ,
ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ।