ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ,
(ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ? ॥੧॥
(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ);
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ॥੧॥ ਰਹਾਉ ॥
ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ,
ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ॥੨॥
ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)।
ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ ॥੩॥੨॥
ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ॥੧॥
ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)।
(ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ॥੧॥ ਰਹਾਉ ॥
(ਪਰ) ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ),
ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ॥੨॥੩॥
ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ,
ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ॥੧॥
(ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ)।
(ਤਾਂਤੇ ਹੇ ਭਾਈ!)ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰ ॥੧॥ ਰਹਾਉ ॥
ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-
ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ ॥੨॥
ਪੁੱਤਰ ਵਹੁਟੀ, ਧਨ ਪਦਾਰਥ-
ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ॥੩॥
ਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ।
ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ ॥੪॥੪॥
ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ।
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥
ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ,
ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥
ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ,
ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥
(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)।
ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ॥੩॥
(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ।
ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥
ਰਾਗ ਧਨਾਸਰੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ;
ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥
ਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ।
ਹੇ ਬੰਦਿਓ! (ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ ॥੧॥ ਰਹਾਉ ॥