ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥
ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,
ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,
ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।
ਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥
ਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ 'ਸ਼ਰਨ-ਜੋਗ'।
ਅਸੀਂ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ॥੧॥
ਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।
(ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ਰਹਾਉ॥
(ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।
ਹੇ ਨਾਨਕ! (ਆਖ-) ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥
ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ।
ਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
ਹੇ ਭਾਈ! (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।
ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ ਰਹਾਉ॥
(ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।
ਹੇ ਨਾਨਕ! (ਆਖ-) ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥
ਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।
(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥
ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।
ਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥
ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।
ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥
(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ।
ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-
ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥
ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।
ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥
ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ?
ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ ॥੧॥ ਰਹਾਉ ॥
ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ।