(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ।
ਉਸ ਦੀ ਸੁਰਤ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ॥੧॥
ਹੇ ਭਾਈ! ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ,
ਜੇਹੜਾ ਮਨੁੱਖ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ,
ਅਤੇ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ) ॥੧॥ ਰਹਾਉ ॥
(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ)।
ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ ॥੨॥
(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ।
(ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ।
(ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ।
ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੩॥
ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ।
ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ,
ਕਿਉਂਕਿ ਨਾਨਕ ਆਖਦਾ ਹੈ- (ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ ॥੪॥੮॥
ਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ।
ਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ ॥੧॥
ਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ!
ਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! (ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ॥੧॥ ਰਹਾਉ ॥
ਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ।
ਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ ॥੨॥
ਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ।
ਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ ॥੩॥
ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'।
ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ ॥੪॥
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ,
ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ॥੫॥੯॥
(ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ,
ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ।
(ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ,
(ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ॥੧॥
ਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ।
ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ ॥੧॥ ਰਹਾਉ ॥
(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ,
ਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ।
(ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ,
(ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ ॥੨॥
ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ।
ਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ।
ਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।
ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ॥੩॥
ਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ।
ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ।
ਨਾਨਕ ਆਖਦਾ ਹੈ- ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ,
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ॥੪॥੧੦॥
ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ ॥੧॥ ਰਹਾਉ ॥
ਹੇ ਭਾਈ! (ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ,