ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ।
ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥
ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ।
ਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥
ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)।
ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥
ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ।
(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥
ਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ)।
ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ।
(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥
(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।
(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥
(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ।
ਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥
ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ।
ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥
ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,
ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥
ਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ।
(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥
ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ। ਰਤਾ ਭੀ ਢਿੱਲ ਨਾਹ ਕਰ।
ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ। (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ॥੧॥ ਰਹਾਉ ॥
ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ।