(ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ), (ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ॥੧॥
(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ,
(ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ॥੧॥ ਰਹਾਉ ॥
ਕਬੀਰ ਆਖਦਾ ਹੈ-(ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ।
ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ॥੨॥੧॥੧੪॥੬੫॥
(ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) ਤੁਲਸੀ ਦੇ ਜੰਗਲ ਵਿਚ ਪ੍ਰੇਮ ਨਾਲ ਗਾ ਰਿਹਾ ਸੀ,
ਉਸ ਦਾ ਦਰਸ਼ਨ ਕਰ ਕੇ (ਗੋਕਲ ਦੀ) ਗੁਆਲਣ ਮੋਹੀ ਗਈ (ਤੇ ਆਖਣ ਲੱਗੀ-) ਹੇ ਪ੍ਰੀਤਮ! ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾਹ ਆਈਂ ਜਾਈਂ ॥੧॥
ਹੇ ਧਨੁਖਧਾਰੀ ਪ੍ਰਭੂ! (ਜਿਵੇਂ ਉਹ ਗੁਆਲਣ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀ ਸੀ ਤਿਵੇਂ ਮੇਰਾ ਭੀ) ਮਨ ਤੇਰੇ ਚਰਨਾਂ ਵਿਚ ਪ੍ਰੋਤਾ ਗਿਆ ਹੈ,
ਪਰ ਤੈਨੂੰ ਓਹੀ ਮਿਲਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ ॥੧॥ ਰਹਾਉ ॥
ਹੇ ਪ੍ਰਭੂ! ਬਿੰਦ੍ਰਾਬਨ ਵਿਚ ਕ੍ਰਿਸ਼ਨ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦਾ) ਮਨ ਮੋਹਣ ਵਾਲਾ ਸੀ, ਮਨ ਨੂੰ ਧ੍ਰੂਹ ਪਾਣ ਵਾਲਾ ਸੀ,
ਤੇ ਹੇ ਧਨੁਖਧਾਰੀ ਸੱਜਣ! ਜਿਸ ਦਾ ਤੂੰ ਸਾਈਂ ਹੈਂ ਉਸ ਦਾ ਨਾਮ ਕਬੀਰ (ਜੁਲਾਹਾ) ਹੈ। (ਭਾਵ, ਜਿਨ੍ਹਾਂ ਦਾ ਮਨ ਕ੍ਰਿਸ਼ਨ ਜੀ ਨੇ ਬਿੰਦ੍ਰਾਬਨ ਵਿਚ ਗਾਈਆਂ ਚਾਰ ਕੇ ਮੋਹਿਆ ਸੀ ਉਨ੍ਹਾਂ ਨੂੰ ਲੋਕ ਗੋਕਲ ਦੀਆਂ ਗਰੀਬ ਗੁਆਲਣਾਂ ਆਖਦੇ ਹਨ। ਹੇ ਸਾਈਂ! ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ) ॥੨॥੨॥੧੫॥੬੬॥
ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ?
ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ? ॥੧॥
ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ।
ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ।
ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ॥੧॥ ਰਹਾਉ ॥
ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ)।
ਕਬੀਰ ਆਖਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ॥੨॥੧॥੧੬॥੬੭॥
ਹੇ ਮਨ! ਵਿਕਾਰਾਂ ਦੇ ਪਿੱਛੇ ਦੌੜ-ਭੱਜ ਛੱਡ ਦੇਹ, ਇਹ (ਕਾਮ, ਕ੍ਰੋਧ ਆਦਿਕ) ਸਭ ਮਾਇਆ ਦੀਆਂ ਠੱਗੀਆਂ ਹਨ (ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰੇਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹੁ)।
ਉਹ ਸੂਰਮਾ ਕਾਹਦਾ ਜੋ ਸਾਹਮਣੇ ਦਿੱਸਦੀ ਰਣ-ਭੂਮੀ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ (ਘਰ ਦੇ) ਭਾਂਡੇ ਸਾਂਭਣ ਲੱਗ ਪਏ (ਸੂਰਮੇ ਵਾਂਗ ਤੇ ਸਤੀ ਵਾਂਗ, ਹੇ ਮਨ! ਤੂੰ ਭੀ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਆਪਾ-ਭਾਵ ਸਾੜਨਾ ਹੈ) ॥੧॥
ਹੇ ਕਮਲੇ ਮਨ! (ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ) ਜੱਕੋ-ਤੱਕੇ ਛੱਡ ਦੇਹ।
(ਜਿਸ ਇਸਤ੍ਰੀ ਨੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ (ਭਾਵ, ਸਤੀ ਵਾਲਾ ਮਰਾਤਬਾ) ਮਿਲੇਗਾ, ਤਿਵੇਂ, ਹੇ ਮਨ! ਤੂੰ ਪ੍ਰਭੂ ਦੀ ਓਟ ਲਈ ਹੈ, ਹੁਣ ਕਾਮਾਦਿਕਾਂ ਦੇ ਸਾਹਮਣੇ ਡੋਲਣਾ ਛੱਡ ਦੇਹ, ਹੁਣ ਤਾਂ ਆਪਾ-ਭਾਵ ਮਾਰਿਆਂ ਹੀ ਇਹ ਪ੍ਰੀਤ ਨਿਭੇਗੀ) ॥੧॥ ਰਹਾਉ ॥
ਕਿਸੇ ਨੂੰ ਕਾਮ ਨੇ ਠੱਗ ਲਿਆ ਹੈ, ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ (ਦੇ ਕਿਸੇ ਹੋਰ ਤਰੰਗ) ਨੇ-ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਹੋ ਰਿਹਾ ਹੈ।
(ਇਹਨਾਂ ਤੋਂ ਬਚਣ ਲਈ) ਕਬੀਰ (ਤਾਂ ਇਹੀ) ਆਖਦਾ ਹੈ (ਭਾਵ, ਅਰਦਾਸ ਕਰਦਾ ਹੈ) ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾਹ ਵਿਸਾਰਾਂ ॥੨॥੨॥੧੭॥੬੮॥
(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ।
ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥
ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ,
(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥
(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)।
ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥
ਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ,
(ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ), ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ ॥੧॥
ਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ?
ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ ॥੧॥ ਰਹਾਉ ॥