ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ।
ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ॥੩॥
ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ।
ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ॥੪॥
ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ।
(ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੫॥
ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ।
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ਤੇ (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੬॥
(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ।
ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ ਤੇ ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੭॥
ਜੋ ਗੁਰੂ ਦੇ ਪਾਸ ਜਾਂਦਾ ਹੈ ਉਹ ਹੀ ਪਰਮਾਤਮਾ ਦਾ ਦਰ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਦਾ ਹੈ।
ਹੇ ਨਾਨਕ! ਐਸਾ ਮਨੁਖ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ॥੮॥੧੪॥
ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥
ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।
ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥
ਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥
ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।
ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥
ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥
ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।
ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥
ਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!
ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥
ਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।
ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥
ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,
ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥
ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,
ਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।
ਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥
ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।
ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥
ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥
ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।
ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥