(ਜਿਤਨਾ ਚਿਰ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦੇ ਰਹਿੰਦੇ ਹਨ।
ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਆਦਿਕ ਵਿਕਾਰ ਤਿਆਗ ਕੇ ਜਿਨ੍ਹਾਂ ਨੇ ਆਤਮਕ ਆਨੰਦ ਹਾਸਲ ਕਰ ਲਿਆ,
ਹੇ ਦਾਸ ਨਾਨਕ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਗਿਆ ॥੪੯॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ।
(ਸਿਮਰਨ ਕੀਤਿਆਂ ਮਨੁੱਖ ਦੇ) ਸਾਰੇ ਪਾਪ ਐਬ ਕੱਟੇ ਜਾਂਦੇ ਹਨ, (ਮਨ ਵਿਚੋਂ) ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ (ਸਿਮਰਨ ਕੀਤਿਆਂ) ਹਿਰਦਾ-ਕੌਲ ਫੁੱਲ ਖਿੜ ਪੈਂਦਾ ਹੈ, ਹਰ ਥਾਂ ਸਰਬ-ਵਿਆਪਕ ਪ੍ਰਭੂ ਹੀ ਸਾਥੀ ਦਿੱਸਦਾ ਹੈ।
ਹੇ ਦਾਸ ਨਾਨਕ! ਹੇ ਹਰੀ! ਹੇ ਪ੍ਰਭੂ (ਮੇਰੇ ਉੱਤੇ) ਮਿਹਰ ਕਰ, ਮੈਂ (ਸਦਾ ਤੇਰਾ) ਨਾਮ ਜਪਦਾ ਰਹਾਂ ॥੫੦॥
ਹੇ ਭਾਈ! ਤਦੋਂ ਉਸ ਜੀਵ-ਇਸਤ੍ਰੀ ਨੂੰ ਨਾਮ-ਧਨ ਵਾਲੀ ਭਾਗਾਂ ਵਾਲੀ ਸਮਝਣਾ ਚਾਹੀਦਾ ਹੈ, ਜਦੋਂ ਕੋਈ ਜੀਵ-ਇਸਤ੍ਰੀ ਗੁਰੂ ਦੀ (ਦੱਸੀ) ਕਾਰ ਕਰਨ ਲੱਗ ਪੈਂਦੀ ਹੈ,
ਹੇ ਭਾਈ! ਜਦੋਂ ਉਹ ਆਪਣਾ ਤਨ ਆਪਣਾ ਮਨ ਆਪਣੀ ਜਿੰਦ ਸਮੇਤ (ਆਪਣੇ ਗੁਰੂ ਦੇ) ਹਵਾਲੇ ਕਰਦੀ ਹੈ, ਜਦੋਂ ਉਹ (ਆਪਣੇ ਗੁਰੂ ਦੇ) ਹੁਕਮ ਵਿਚ ਜੀਵਨ-ਤੋਰ ਤੁਰਨ ਲੱਗ ਪੈਂਦੀ ਹੈ,
(ਹੇ ਭਾਈ! ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਹੋ ਹੀ ਨਹੀਂ ਸਕਦੇ) ਜਿਥੇ ਪ੍ਰਭੂ ਜੀ ਅਸਾਂ ਜੀਵਾਂ ਨੂੰ ਬਿਠਾਂਦੇ ਹਨ, ਉੱਥੇ ਹੀ ਅਸੀਂ ਬੈਠਦੇ ਹਾਂ, ਜਿੱਥੇ ਪ੍ਰਭੂ ਜੀ ਮੈਨੂੰ ਭੇਜਦੇ ਹਨ, ਉਥੇ ਹੀ ਮੈਂ ਜਾਂਦਾ ਹਾਂ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (-ਧਨ) ਜਿਤਨਾ ਕੀਮਤੀ ਹੈ, ਇਤਨਾ ਕੀਮਤੀ ਹੋਰ ਕੋਈ ਧਨ ਨਹੀਂ ਹੈ।
ਹੇ ਭਾਈ! ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਸਦਾ ਗਾਂਦਾ ਹਾਂ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹਾਂ।
(ਜਿਸ ਮਨੁੱਖ ਦੇ ਹਿਰਦੇ ਵਿਚ ਰੱਬੀ) ਗੁਣਾਂ (ਰੱਬੀ) ਚੰਗਿਆਈਆਂ ਦਾ ਨਿਵਾਸ ਹੋ ਜਾਂਦਾ ਹੈ (ਉਹ ਮਨੁੱਖ ਲੋਕ ਪਰਲੋਕ ਵਿਚ) ਇੱਜ਼ਤ-ਆਦਰ ਹਾਸਲ ਕਰਦਾ ਹੈ। (ਉਹ ਮਨੁੱਖ) ਆਪਣੀ (ਇਸ ਮਿਲੀ) ਇੱਜ਼ਤ ਦੇ ਆਨੰਦ ਆਪ ਹੀ ਮਾਣਦਾ ਰਹਿੰਦਾ ਹੈ (ਉਹ ਆਨੰਦ ਬਿਆਨ ਨਹੀਂ ਕੀਤੇ ਜਾ ਸਕਦੇ)।
ਉਸ ਮਨੁੱਖ ਦੀ ਸਿਫ਼ਤ (ਪੂਰੇ ਤੌਰ ਤੇ) ਕੀਤੀ ਹੀ ਨਹੀਂ ਜਾ ਸਕਦੀ, ਉਹ ਮਨੁੱਖ ਪਰਮਾਤਮਾ ਦੇ ਦਰਸਨ ਤੋਂ (ਸਦਾ) ਸਦਕੇ ਹੁੰਦਾ ਰਹਿੰਦਾ ਹੈ।
ਹੇ ਭਾਈ! ਗੁਰੂ ਵਿਚ ਵੱਡੇ ਗੁਣ ਹਨ, (ਜਦੋਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ) ਮਿਹਰ ਨਾਲ (ਗੁਰੂ) ਮਿਲ ਪੈਂਦਾ ਹੈ, ਤਦੋਂ ਉਹ (ਇਹ ਗੁਣ) ਹਾਸਲ ਕਰ ਲੈਂਦਾ ਹੈ।
ਪਰ ਕਈ ਬੰਦੇ (ਐਸੇ ਹਨ ਜੋ) ਮਾਇਆ ਦੇ ਮੋਹ ਵਿਚ ਭਟਕ ਭਟਕ ਕੇ (ਗੁਰੂ ਦਾ) ਹੁਕਮ ਮੰਨਣਾ ਨਹੀਂ ਜਾਣਦੇ।
ਹੇ ਭਾਈ! (ਅਜਿਹੇ ਮਨੁੱਖਾਂ ਨੂੰ) ਸਾਧ ਸੰਗਤ ਵਿਚ ਆਸਰਾ ਨਹੀਂ ਮਿਲਦਾ, ਸਾਧ ਸੰਗਤ ਵਿਚ ਬੈਠਣ ਲਈ ਥਾਂ ਨਹੀਂ ਮਿਲਦੀ (ਕਿਉਂਕਿ ਉਹ ਤਾਂ ਸੰਗਤ ਵਾਲੇ ਪਾਸੇ ਜਾਂਦੇ ਹੀ ਨਹੀਂ)।
ਹੇ ਨਾਨਕ! (ਆਖ-ਹੇ ਭਾਈ!) ਧੁਰ ਦਰਗਾਹ ਤੋਂ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਨ ਦੀ ਕਮਾਈ ਕਰਨੀ ਸ਼ੁਰੂ ਕੀਤੀ, ਉਹਨਾਂ ਮਨੁੱਖਾਂ ਤੋਂ ਹੀ (ਪਰਮਾਤਮਾ ਆਪਣੀ) ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ।
ਮੈਂ ਅਜਿਹੇ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੫੧॥
ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਮਨੁੱਖਾਂ ਦੀਆਂ ਉਹ ਦਾੜ੍ਹੀਆਂ ਸੱਚ-ਮੁੱਚ ਆਦਰ-ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ।
ਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਅਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ,
ਹੇ ਨਾਨਕ! (ਉਹਨਾਂ ਹੀ ਮਨੁੱਖਾਂ ਦੇ) ਇਹ ਮੂੰਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿੱਸਦੇ ਹਨ ॥੫੨॥
ਉਹਨਾਂ ਦੇ ਮੂੰਹ ਸੱਚ-ਮੁੱਚ ਸਤਕਾਰ ਦੇ ਹੱਕਦਾਰ ਹੋ ਜਾਂਦੇ ਹਨ, ਉਹਨਾਂ ਦੀਆਂ ਦਾੜ੍ਹੀਆਂ ਆਦਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ, ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ,
ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਟਿਕਿਆ ਰਹਿੰਦਾ ਹੈ, ਜਿਹੜੇ ਹਰ ਵੇਲੇ ਗੁਰੂ ਵਿਚ ਲੀਨ ਰਹਿੰਦੇ ਹਨ।
ਉਹਨਾਂ ਮਨੁੱਖਾਂ ਦੇ ਕੋਲ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਧਨ (ਇਕੱਠਾ ਹੋ ਜਾਂਦਾ) ਹੈ। ਉਹ ਮਨੁੱਖ (ਲੋਕ ਪਰਲੋਕ ਵਿਚ) ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ,
ਜਿਹੜੇ ਮਨੁੱਖ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਸੁਣਦੇ ਹਨ, ਸਦਾ-ਥਿਰ ਹਰਿ-ਨਾਮ ਨੂੰ ਸਿਦਕ-ਸਰਧਾ ਨਾਲ ਆਪਣੇ ਅੰਦਰ ਵਸਾ ਲੈਂਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦੇ ਹਨ,
ਉਹਨਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੀ ਥਾਂ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹਰ ਵੇਲੇ ਲੀਨ ਰਹਿੰਦੇ ਹਨ।
ਪਰ, ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜ਼ਰੂਰ ਜ਼ਿੰਦਗੀ ਦੇ) ਗ਼ਲਤ ਰਸਤੇ ਤੇ ਪਏ ਰਹਿੰਦੇ ਹਨ ॥੫੩॥
(ਜਿਵੇਂ) ਪਪੀਹਾ ਬੱਦਲ ਦੇ ਪ੍ਰੇਮ-ਪਿਆਰ ਵਿਚ (ਵਰਖਾ ਦੀ ਬੂੰਦ ਦੀ ਖ਼ਾਤਰ) 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ।
(ਜਦੋਂ ਉਹ ਬੂੰਦ ਉਸ ਨੂੰ ਮਿਲਦੀ ਹੈ, ਤਾਂ ਉਸ ਦੀ ਤ੍ਰਿਹ ਮੁੱਕ ਜਾਂਦੀ ਹੈ, ਉਸ ਦੀ 'ਕੂਕ ਪੁਕਾਰ' ਮੁੱਕ ਜਾਂਦੀ ਪੈ। ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਪ੍ਰੇਮ-ਪਿਆਰ ਵਿਚ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ), ਗੁਰੂ ਨੂੰ ਮਿਲਿਆਂ ਉਹ ਆਤਮਕ ਠੰਢ ਵਰਤਾਣ ਵਾਲਾ ਨਾਮ-ਜਲ ਪ੍ਰਾਪਤ ਕਰ ਲੈਂਦਾ ਹੈ, (ਉਹ ਨਾਮ-ਜਲ) ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
(ਇਸ ਨਾਮ-ਜਲ ਦੀ ਬਰਕਤਿ ਨਾਲ, ਉਸ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ (ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ ਉਸ ਦੀ) ਘਬਰਾਹਟ ਖ਼ਤਮ ਹੋ ਜਾਂਦੀ ਹੈ।
ਹੇ ਨਾਨਕ! ਗੁਰੂ ਦੀ ਸਰਨ ਪਿਆਂ (ਨਾਮ ਦੀ ਬਰਕਤਿ ਨਾਲ) ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ, ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖੋ ॥੫੪॥
ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਦਾ-ਥਿਰ ਪ੍ਰਭੂ ਨਾਲ ਸੁਰਤ ਜੋੜੀ ਰੱਖਿਆ ਕਰ।
ਗੁਰੂ ਦੀ ਸਰਨ ਪੈ ਕੇ (ਹਰਿ-ਨਾਮ) ਉਚਾਰਿਆ ਕਰ, (ਤਦੋਂ ਹੀ) ਤੇਰਾ ਸਿਮਰਨ ਕਰਨ ਦਾ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈ ਸਕਦਾ ਹੈ।
ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ (ਪਰਮਾਤਮਾ ਦੇ) ਹੁਕਮ ਨੂੰ ਭਲਾ ਜਾਣ ਕੇ ਮੰਨਿਆ ਕਰ (ਇਸ ਤਰ੍ਹਾਂ ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।