ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ 'ਆਪਣੀ' ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ॥੧॥
(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ।
ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ॥੧॥ ਰਹਾਉ ॥
ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ?
ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ॥੨॥
ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ।
ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ॥੩॥
ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ)
(ਕਿ ਜਿਨ੍ਹਾਂ ਨੂੰ 'ਆਪਣਾ' ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ॥੪॥੯॥ ਦੋ-ਤੁਕਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ ਵਿੱਚ, ਭਗਤ ਕਬੀਰ ਜੀ ਦੀ ਚਾਰ-ਪਦਿਆਂ-ਇਕ-ਤੁਕਿਆਂ ਵਾਲੀ ਬਾਣੀ।
ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ॥੧॥
ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ,
ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ॥੧॥ ਰਹਾਉ ॥
ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ-ਇਹ ਮਧਾਣੀ ਬਣਾਓ;
ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ॥੨॥
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ,
ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ॥੩॥
ਕਬੀਰ ਆਖਦਾ ਹੈ- ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ,
ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ॥੪॥੧॥੧੦॥
ਜਦੋਂ ਮਾਇਆ ਦੇ ਮੋਹ ਦਾ ਤੇਲ (ਜੀਵ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ,
ਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ ॥੧॥
ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ,
ਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਜਾਪਦਾ ॥੧॥ ਰਹਾਉ ॥
(ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ।
(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ॥੨॥
(ਸਰੀਰ ਦੀ ਖ਼ਾਤਰ ਹੀ) ਉਹ ਪਹਿਲੀਆਂ ਗੱਲਾਂ, ਉਹ ਤਰਲੇ-
ਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਉਹ ਕੀਰਨੇ ਸਭ ਭੁੱਲ ਗਏ ॥੩॥
ਕਬੀਰ ਆਖਦਾ ਹੈ-ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ,
ਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ॥੪॥੨॥੧੧॥
ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ,
ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥
ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ,
ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ ॥
ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ,
ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥
ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।)
ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥
ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ,
ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥
ਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ),
ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ ॥੧॥
(ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ,
(ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ॥੧॥ ਰਹਾਉ ॥