ਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥
(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,
ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।
ਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),
ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥
(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)
ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ ॥
(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,
ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,
ਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,
ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥
(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,
ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।
ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,
ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,
ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।
ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,
ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥
(ਹੇ ਜਿੰਦੇ! ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ) ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ,
ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।
(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।
(ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥
ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,
ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ? ॥੧॥ ਰਹਾਉ ॥
ਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,
ਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
(ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।
ਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ) ॥੨॥
ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
ਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)
(ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥
(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,
ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।
(ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ,
ਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ ॥੪॥੫॥
ਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,
ਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।
ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,
ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥
ਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।
(ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ ॥
ਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,
ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।
ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,
ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ॥੨॥
ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,
ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।
ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,
(ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ॥੩॥
ਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,
ਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ।
ਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ,
ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥
(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?
ਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-
ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।
(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ ॥
ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,