ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।
ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥
ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।
ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥
ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।
(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥
ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।
(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥
ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।
ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥
ਰਾਗ ਕਲਿਆਨੁ/ਭੋਪਾਲੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ।
ਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ ॥੧॥ ਰਹਾਉ ॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ!
ਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੧॥
ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਹੇ ਦਾਸ ਨਾਨਕ! ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ॥੨॥੧॥੭॥
ਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-
ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥
ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥
ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥
(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ,
ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥
ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥
ਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ।
ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥