ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ,
ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥
ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ।
ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥
ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ।
ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ।
ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥
ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ।
(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ।
ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥
ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ,
ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥
ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ।
ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।
(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।