ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,
(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।
ਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ?
ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥
ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।
ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ।
ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ।
ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ।
ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।
ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥
ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।
ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ।
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੧॥
(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।
ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ।
(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥
(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ।
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।
ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ॥੨॥
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।
ਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ।
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।
ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥