ਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ?
ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ।
ਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ ॥੧੨॥
(ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ,
ਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ)।
ਜਦੋਂ ਗੁਰੂ ਦੀ ਮੱਤ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ।
ਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੩॥
ਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ।
(ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮੱਤ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।
(ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ।
ਪਰ, ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ। ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ)।
ਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ) ॥੧੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ।
ਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ।
ਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ।
ਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ ॥੧੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ)।
ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ। ਆਤਮਕ ਆਨੰਦ ਬਣਿਆ ਰਹਿੰਦਾ ਹੈ।
ਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ ॥੧੬॥
ਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ;
ਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ।
(ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।
ਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ। (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ ॥੧੭॥
ਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ।
ਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ)।
ਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੮॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮੱਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮੱਤ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ।
(ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ)।
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ।
(ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ।
ਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ-(ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ ॥੧੯॥
ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।