ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।
ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।
ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
ਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ।
ਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ।
ਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ।
ਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ ॥੧॥
ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ ॥੧॥ ਰਹਾਉ ॥
ਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ।
ਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ।
ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ।
ਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ? ॥੨॥
ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ,
ਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ?
ਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ।
ਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ ॥੩॥
ਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
ਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ।
ਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ।
ਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ॥੪॥੫॥੧੮॥
(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।
ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।
ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,
ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।
ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।
(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥
ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥
ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?
ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।
ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥
ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?
ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।
ਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥
(ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ,
ਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
(ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ।
(ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ ॥੧॥
ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ।
(ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥੧॥ ਰਹਾਉ ॥
ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ,
ਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ।
ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ,
ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ॥੨॥
(ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ,
ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।