ਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ!
ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ।
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ,
ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ)
ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ।
ਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ।
ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ,
ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥
ਹੇ ਭਾਈ! (ਪ੍ਰਭੂ) ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ।
ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ ਰਹਾਉ॥
ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ।
ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ ॥੧॥
ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ।
ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ ॥੨॥
ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ ॥੩॥
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ।
ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ॥੪॥੩॥
ਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸਨ ਦਾ ਚਾਹਵਾਨ ਹੋ ਗਿਆ ਹਾਂ।
ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈਂ। ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ ਰਹਾਉ॥
ਹੇ ਕਰਤਾਰ! ਤੂੰ ਇਕ ਛਿਨ ਵਿਚ (ਜੀਵਾਂ ਨੂੰ) ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸੂਰਪ ਹੈਰਾਨ ਕਰਨ ਵਾਲੇ ਹਨ।
ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ। (ਅਗਿਆਨਤਾ ਦੇ) ਹਨੇਰੇ ਵਿਚ (ਤੂੰ ਆਪ ਹੀ ਜੀਵਾਂ ਵਾਸਤੇ) ਚਾਨਣ ਹੈਂ ॥੧॥
ਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ।
ਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ? ॥੨॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ)।
ਤੇਰੇ ਜਿਹੜੇ ਸੇਵਕ ਤੇਰਾ ਦੀਦਾਰ ਕਰ ਲੈਂਦੇ ਹਨ, ਉਨ੍ਹਾਂ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ ॥੩॥
ਹੇ ਪ੍ਰਭੂ! ਦੁਨੀਆ ਦੇ (ਹੋਰ) ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ (ਹੀ ਬਖ਼ਸ਼ਦਾ ਹੈ)।
ਨਾਨਕ ਆਖਦਾ ਹੈ- ਇਹ ਗੱਲ (ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ, ਇਸ ਵਾਸਤੇ) ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਂਦਾ ਰਹਿੰਦਾ ਹਾਂ ॥੪॥੪॥
ਹੇ ਸਰਦਾਰ! ਹੇ ਸਿਆਣੇ! ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ!
ਹੇ ਸਦਾ-ਥਿਰ ਸ਼ਾਹ! ਹੇ ਬੰਦਨਾਂ ਤੋਂ ਛੁਡਾਣ ਵਾਲੇ! ਤੇਰੀ ਮੁਹੱਬਤ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੀ ਹੈ ॥੧॥ ਰਹਾਉ ॥
ਹੇ ਮਾਲਕ! ਤੇਰਾ ਦਰਸਨ ਕਰਨਾ (ਇਕ ਅਮੋਲਕ ਦਾਤ ਹੈ), ਤੇਰੇ ਇਸ (ਦਰਸਨ) ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ।
ਹੇ ਪਵਿਤ੍ਰ! ਹੇ ਪਾਲਣਹਾਰ! ਤੂੰ ਆਪ (ਸਾਡਾ) ਖਸਮ ਹੈਂ ਤੂੰ ਸਭ ਤੋਂ ਵੱਡਾ ਹੈਂ, ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ॥੧॥
ਹੇ ਸੂਰਮੇ ਪ੍ਰਭੂ! ਮੇਰੀ ਸਹਾਇਤਾ ਕਰ, ਇਕ ਤੂੰ ਹੀ (ਮੇਰਾ ਆਸਰਾ) ਹੈਂ।
ਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤਿ ਦੇ ਰਚਨਹਾਰ! ਹੇ ਖ਼ਲਕਤ ਦੇ ਮਾਲਕ! ਮੈਨੂੰ ਤੇਰਾ ਸਹਾਰਾ ਹੈ ॥੨॥੫॥
ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)।