ਹਰੀ-ਨਾਮ ਨੂੰ ਸਿਮਰਿਆਂ ਕਾਮ, ਕ੍ਰੋਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ-ਇਹ ਸਭ ਨਾਸ ਹੋ ਜਾਂਦੇ ਹਨ।
(ਤੀਰਥਾਂ ਦੇ) ਇਸ਼ਨਾਨ ਕਰਨੇ, (ਓਥੇ) ਦਾਨ ਕਰਨੇ, ਤਪ ਸਾਧਣੇ ਤੇ ਸਰੀਰਕ ਸੁੱਚ ਦੇ ਕਰਮ-(ਇਹਨਾਂ ਸਭਨਾਂ ਦੀ ਥਾਂ) ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿਚ ਧਾਰ ਲਏ ਹਨ।
ਹਰੀ ਸਾਡਾ ਸੱਜਣ ਹੈ, ਮਿੱਤ੍ਰ ਹੈ, ਸਖਾ ਤੇ ਸੰਬੰਧੀ ਹੈ; ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ।
ਅਸਾਂ ਸਮਰੱਥ ਮਾਲਕ ਦੀ ਓਟ ਪਕੜੀ ਹੈ, ਨਾਨਕ (ਉਸ ਦਾ) ਦਾਸ ਉਸ ਤੋਂ ਸਦਾ ਸਦਕੇ ਹੈ ॥੯॥
(ਜਿਸ ਮਨੁੱਖ ਨੇ) ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ।
(ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ।
(ਜੋ ਮਨੁੱਖ) ਸੰਤ ਜਨਾਂ ਦੀ ਚਰਨ ਧੂੜ ਵਿਚ ਲੱਗ ਰਿਹਾ ਹੈ, (ਉਸ ਨੂੰ) ਅੱਗ ਸਾੜ ਨਹੀਂ ਸਕਦੀ;
(ਜਿਸ ਦੇ) ਪੈਰ ਰੱਬ ਦੇ ਰਾਹ ਵਲ ਤੁਰਦੇ ਹਨ, ਉਸ ਨੂੰ ਪਾਣੀ ਡੋਬ ਨਹੀਂ ਸਕਦਾ।
ਹੇ ਨਾਨਕ! (ਉਸ ਮਨੁੱਖ ਦੇ) ਰੋਗ, ਦੋਖ, ਪਾਪ ਅਤੇ ਮੋਹ-ਇਹ ਸਾਰੇ ਹੀ ਹਰੀ ਦੇ ਨਾਮ-ਰੂਪੀ ਤੀਰ ਨਾਲ ਕੱਟੇ ਜਾਂਦੇ ਹਨ ॥੧॥੧੦॥
ਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਛੇ ਸ਼ਾਸਤ੍ਰ ਵਿਚਾਰ ਰਹੇ ਹਨ;
(ਪਿੰਡੇ ਤੇ) ਸੁਆਹ ਮਲ ਕੇ ਬਹੁਤੇ ਮਨੁੱਖ ਤੀਰਥਾਂ ਤੇ ਭੌਂਦੇ ਫਿਰਦੇ ਹਨ, ਅਤੇ ਕਈ ਬੰਦੇ ਸਰੀਰ ਨੂੰ (ਤਪਾਂ ਨਾਲ) ਕਮਜ਼ੋਰ ਕਰ ਚੁਕੇ ਹਨ ਤੇ (ਸੀਸ ਉਤੇ) ਜਟਾਂ ਧਾਰ ਰਹੇ ਹਨ।
ਹਰੀ ਦਾ ਨਾਮ ਲੈਣ ਤੋਂ ਬਿਨਾ, ਇਹ ਸਾਰੇ ਲੋਕ ਦੁੱਖ ਪਾਂਦੇ ਹਨ (ਇਹ ਸਾਰੇ ਅਡੰਬਰ ਉਹਨਾਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ) ਜਿਵੇਂ (ਕਹਣਾ) ਬੜੇ ਮਜ਼ੇ ਨਾਲ ਤਾਰਾਂ ਦਾ ਜਾਲ ਤਣਦਾ ਹੈ (ਤੇ ਆਪ ਹੀ ਉਸ ਵਿਚ ਫਸ ਕੇ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ)
ਕਈ ਮਨੁੱਖ ਪੂਜਾ ਕਰਦੇ ਹਨ; ਸਰੀਰ ਤੇ ਚੱਕ੍ਰਾਂ ਦੇ ਚਿੰਨ੍ਹ ਲਗਾਉਂਦੇ ਹਨ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਤਿਆਰ ਕਰਦੇ ਹਨ, ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ ਪਰ (ਪਰ ਨਾਮ-ਸਿਮਰਨ ਤੋਂ ਬਿਨਾਂ ਇਹ ਵੀ ਵਿਅਰਥ ਹੀ ਹਨ) ॥੨॥੧੧॥੨੦॥
ਗੁਰੂ ਨਾਨਕ ਸਾਹਿਬ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ,
ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ,
ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ,
ਅਤੇ (ਇਹਨਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ ॥੧॥
ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ।
(ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ।
ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ।
'ਕਲ੍ਯ੍ਯ' ਕਵੀ (ਆਖਦਾ ਹੈ),-ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਵ, ਜੋ ਗ੍ਰਿਹਸਤੀ ਭੀ ਹੈ ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ) ॥੨॥
ਜੋ ਗੁਰੂ ਨਾਨਕ ਹਰੀ ਦੇ ਰਸ ਵਿਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ।
ਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ।
ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰੂ ਭਗਤ ਗਾਂਦਾ ਹੈ।
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ' ॥੩॥
ਕਪਿਲ ਆਦਿਕ ਰਿਸ਼ੀ ਅਤੇ ਪੁਰਾਤਨ ਵੱਡੇ ਵੱਡੇ ਜੋਗੀ ਜਨ ਪਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ।
(ਗੁਰੂ ਨਾਨਕ ਦੇ ਜਸ ਨੂੰ) ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।
ਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ), ਉਸ ਦੇ ਗੁਣ ਉਧੌ ਗਾਂਦਾ ਹੈ, ਅਕ੍ਰੂਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ।
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੪॥