ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ॥੧੯॥
ਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ,
(ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ ॥੧॥
ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ।
ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ।
ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ।
ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥
ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।
ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।
ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।
ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।
ਹੇ ਦਾਸ ਨਾਨਕ! (ਆਖ-) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ' ॥੨੦॥
ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ।
ਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ॥੧॥
(ਜੋ ਮਨੁੱਖ) ਮੰਗਤਾ (ਬਣ ਕੇ ਮਾਲਕ-ਪ੍ਰਭੂ ਤੋਂ) ਸਦਾ ਨਾਮ ਮੰਗਦਾ ਹੈ (ਉਸ ਦੀ ਅਰਜ਼) ਮਾਲਕ ਕਬੂਲ ਕਰਦਾ ਹੈ।
ਹੇ ਨਾਨਕ! ਜਿਸ ਮਨੁੱਖ ਦਾ ਜਜਮਾਨ (ਆਪ) ਪਰਮੇਸਰ ਹੈ ਉਸ ਨੂੰ ਰਤਾ ਭੀ (ਮਾਇਆ ਦੀ) ਭੁੱਖ ਨਹੀਂ ਰਹਿੰਦੀ ॥੨॥
(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ।
ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ।
ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ।
ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ।
ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ॥੨੧॥੧॥ ਸੁੱਧ ਕਰ ਲੈਣਾ॥
ਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।
(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ,
ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ,
ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ,
ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥
(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ),
ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥
ਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ,
ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥