(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ,
ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ।
ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ।
ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥
ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ)।
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥
ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ,
(ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ।
(ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥
(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ,
(ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ।
(ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ।
(ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ ॥੩॥
ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ,
ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ)।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ)।
ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੪॥
ਉਹਨਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ-
ਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ,
ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ।
ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ।
ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ)।
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ॥੬॥
ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,
ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ।
ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੭॥
(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ।
ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ।
ਹੇ ਨਾਨਕ! ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੮॥੨॥
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ, (ਨਿਰਾ) ਮੂੰਹੋਂ (ਹੀ) ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ 'ਕਾਂ ਕਾਂ' ਕਰਦਾ ਹੈ)।
(ਪਰ ਉਸ ਚੁੰਚ-ਗਿਆਨੀ ਦੇ) ਮਨ ਵਿਚ ਲੋਭ (ਟਿਕਿਆ ਰਹਿੰਦਾ) ਹੈ, ਝੂਠ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ।
ਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ ॥੧॥
ਹੇ ਭਾਈ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ।
(ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ (ਗੁਰੂ ਪਰਮਾਤਮਾ ਦਾ) ਨਾਮ ਜਪਾਂਦਾ ਹੈ। ਹੇ ਭਾਈ! (ਪਰਮਾਤਮਾ ਦੇ) ਨਾਮ (ਦੇ ਪਿਆਰ) ਤੋਂ ਬਿਨਾ ਹੋਰ ਪਿਆਰ ਝੂਠਾ ਹੈ ॥੧॥ ਰਹਾਉ ॥
ਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ (ਉਹ ਕਾਰ ਹੈ ਨਾਮ ਦਾ ਸਿਮਰਨ)।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ ॥੨॥
ਹੇ ਭਾਈ! (ਜਿਹੜਾ ਮਨੁੱਖ ਆਤਮਕ ਜੀਵਨ ਬਾਰੇ) ਆਪ (ਤਾਂ ਕੁਝ) ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ,
ਉਸ ਦਾ ਆਪਣਾ ਆਪਾ (ਆਤਮਕ ਜੀਵਨ ਵਲੋਂ) ਬਿਲਕੁਲ ਕੋਰਾ ਹੈ (ਅੰਨ੍ਹਾ ਹੈ, ਇਸ ਵਾਸਤੇ ਆਤਮਕ ਜੀਵਨ ਦੇ ਰਸਤੇ ਵਿਚ ਉਹ ਅੰਨ੍ਹਿਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ) ਅੰਨ੍ਹਿਆਂ ਵਾਲਾ ਕੰਮ ਕਰਦਾ ਰਹਿੰਦਾ ਹੈ।
ਹੇ ਭਾਈ! ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ ॥੩॥
ਹੇ ਭਾਈ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,
ਜਿਸ ਪਰਮਾਤਮਾ ਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
ਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦਾ ॥੪॥