ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 484


ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥

ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥

ਆਸਾ ॥

ਮੇਰੀ ਬਹੁਰੀਆ ਕੋ ਧਨੀਆ ਨਾਉ ॥

ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)।

ਲੇ ਰਾਖਿਓ ਰਾਮ ਜਨੀਆ ਨਾਉ ॥੧॥

(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ॥੧॥

ਇਨੑ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥

ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ),

ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥

(ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ॥੧॥ ਰਹਾਉ ॥

ਕਹਤੁ ਕਬੀਰ ਸੁਨਹੁ ਮੇਰੀ ਮਾਈ ॥

ਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ,

ਇਨੑ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥

ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ॥੨॥੩॥੩੩॥

ਆਸਾ ॥

ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥

ਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ)

ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥

ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ॥੧॥ ਰਹਾਉ ॥

ਘੂੰਘਟੁ ਕਾਢਿ ਗਈ ਤੇਰੀ ਆਗੈ ॥

ਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ,

ਘੂੰਘਟ ਕਾਢੇ ਕੀ ਇਹੈ ਬਡਾਈ ॥

(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ)

ਦਿਨ ਦਸ ਪਾਂਚ ਬਹੂ ਭਲੇ ਆਈ ॥੨॥

ਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ॥੨॥

ਘੂੰਘਟੁ ਤੇਰੋ ਤਉ ਪਰਿ ਸਾਚੈ ॥

(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ),

ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥

ਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ॥੩॥

ਕਹਤ ਕਬੀਰ ਬਹੂ ਤਬ ਜੀਤੈ ॥

ਕਬੀਰ ਆਖਦਾ ਹੈ-ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ,

ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥

ਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ॥੪॥੧॥੩੪॥

ਆਸਾ ॥

ਕਰਵਤੁ ਭਲਾ ਨ ਕਰਵਟ ਤੇਰੀ ॥

ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ);

ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥

(ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ) ॥੧॥

ਹਉ ਵਾਰੀ ਮੁਖੁ ਫੇਰਿ ਪਿਆਰੇ ॥

ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ;

ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥

ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ) ॥੧॥ ਰਹਾਉ ॥

ਜਉ ਤਨੁ ਚੀਰਹਿ ਅੰਗੁ ਨ ਮੋਰਉ ॥

ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ;

ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥

ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ ॥੨॥

ਹਮ ਤੁਮ ਬੀਚੁ ਭਇਓ ਨਹੀ ਕੋਈ ॥

ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ,

ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥

ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ ॥੩॥

ਕਹਤੁ ਕਬੀਰੁ ਸੁਨਹੁ ਰੇ ਲੋਈ ॥

(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!)

ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥

ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ) ॥੪॥੨॥੩੫॥

ਆਸਾ ॥

ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥

(ਤੁਸੀ ਸਾਰੇ ਮੈਨੂੰ 'ਜੁਲਾਹ ਜੁਲਾਹ' ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹਾ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ,

ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥

ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ॥੧॥ ਰਹਾਉ ॥

ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥

(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ,

ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥

ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ॥੧॥

ਧਰਨਿ ਅਕਾਸ ਕੀ ਕਰਗਹ ਬਨਾਈ ॥

(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ,

ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥

ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ॥੨॥

ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥

ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।

ਜੋਲਾਹੇ ਘਰੁ ਅਪਨਾ ਚੀਨੑਾਂ ਘਟ ਹੀ ਰਾਮੁ ਪਛਾਨਾਂ ॥੩॥

ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ॥੩॥

ਕਹਤੁ ਕਬੀਰੁ ਕਾਰਗਹ ਤੋਰੀ ॥

ਕਬੀਰ ਆਖਦਾ ਹੈ-ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ,

ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥

ਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ॥੪॥੩॥੩੬॥

ਆਸਾ ॥

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥

ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ;

ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥

(ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ॥੧॥

ਪੂਜਹੁ ਰਾਮੁ ਏਕੁ ਹੀ ਦੇਵਾ ॥

ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।

ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥

ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ ॥੧॥ ਰਹਾਉ ॥

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥

ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ।

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥

ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ॥੨॥

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥

ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ।

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥

(ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ॥੩॥

ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥

ਪਰਮਾਤਮਾ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)

ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥

ਕਬੀਰ ਆਖਦਾ ਹੈ-ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ ॥੪॥੪॥੩੭॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430