ਤੇ ਪ੍ਰੇਮ ਨਾਲ ਗੁਰੂ ਅਰਜੁਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ।
(ਆਪ ਨੇ) ਗੁਰੂ ਰਾਮਦਾਸ (ਜੀ) ਦੇ ਘਰ ਵਿਚ ਜਨਮ ਲਿਆ,
(ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ।
ਜਨਮ ਤੋਂ ਹੀ ਆਪ ਨੇ ਗੁਰੂ ਦੀ ਮੱਤ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ (ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ),
(ਹੇ ਗੁਰੂ ਅਰਜੁਨ!) ਕਲ੍ਯ੍ਯ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤ ਉਚਾਰਦਾ ਹੈ।
ਆਪ ਨੇ ਭਗਤੀ ਦੇ ਜੋਗ ਨੂੰ ਜਿੱਤ ਲਿਆ ਹੈ (ਭਾਵ, ਆਪ ਨੇ ਭਗਤੀ ਦਾ ਮਿਲਾਪ ਪਾ ਲਿਆ ਹੈ)। ਹਰੀ ਨੇ (ਆਪ ਨੂੰ) 'ਜਨਕ' ਪੈਦਾ ਕੀਤਾ ਹੈ।
(ਆਪ ਨੇ) ਗੁਰੂ ਸ਼ਬਦ ਨੂੰ ਪਰਗਟ ਕੀਤਾ ਹੈ, ਤੇ ਹਰੀ ਨੂੰ (ਆਪ ਨੇ) ਜੀਭ ਉੱਤੇ ਵਸਾਇਆ ਹੈ।
ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਚਰਨੀਂ ਲੱਗ ਕੇ, (ਗੁਰੂ ਅਰਜੁਨ ਸਾਹਿਬ ਜੀ ਨੇ) ਉੱਤਮ ਪਦਵੀ ਪਾਈ ਹੈ;
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਭਗਤ ਜੰਮ ਪਿਆ ਹੈ ॥੧॥
(ਗੁਰੂ ਅਰਜੁਨ) ਵੱਡੇ ਵਾਗਾਂ ਵਾਲਾ ਹੈ, ਪੂਰਨ ਖਿੜਾਉ ਵਿਚ ਹੈ। (ਆਪ ਨੇ) ਹਿਰਦੇ ਵਿਚ ਸ਼ਬਦ ਵਸਾਇਆ ਹੈ;
(ਆਪ ਨੇ ਆਪਣੇ) ਮਾਣਕ-ਰੂਪ ਮਨ ਨੂੰ ਸੰਤੋਖ ਵਿਚ ਟਿਕਾਇਆ ਹੈ; ਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।
ਸਤਿਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਅਗਮ ਅਗੋਚਰ ਪਾਰਬ੍ਰਹਮ ਵਿਖਾਲ ਦਿੱਤਾ ਹੈ।
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜੁਨ (ਜੀ) ਨੂੰ ਗਿਆਨ-ਰੂਪ ਥਾਪਿਆ ਹੈ ॥੨॥
(ਗੁਰੂ ਅਰਜੁਨ ਸਾਹਿਬ ਨੇ) ਗਿਆਨ ਦਾ ਰਾਜ ਵਰਤਾ ਦਿੱਤਾ ਹੈ, (ਹੁਣ ਤਾਂ) ਸਤਿਜੁਗ ਵਰਤ ਰਿਹਾ ਹੈ।
(ਆਪ ਦਾ) ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ, ਤੇ ਇਹ ਨਾਹ ਪਤੀਜਣ ਵਾਲਾ ਮਨ ਪਤੀਜ ਗਿਆ ਹੈ।
ਗੁਰੂ ਨਾਨਕ ਦੇਵ ਆਪ 'ਸਚੁ'-ਰੂਪ ਨੀਂਹ ਉਸਾਰ ਕੇ ਗੁਰੂ (ਅਰਜੁਨ ਦੇਵ ਜੀ) ਵਿਚ ਲੀਨ ਹੋ ਗਿਆ ਹੈ।
ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਦੇਵ ਅਪਰੰਪਰ-ਰੂਪ ਬਣਿਆ ਹੋਇਆ ਹੈ ॥੩॥
ਅਕਾਲ ਪੁਰਖ ਨੇ (ਇਹ) ਅਸਚਰਜ ਖੇਡ ਰਚੀ ਹੈ, (ਗੁਰੂ ਅਰਜੁਨ) ਸੰਤੋਖ ਵਿਚ ਵਿਚਰ ਰਿਹਾ ਹੈ। ਨਿਰਮਲ ਬੁੱਧੀ ਗੁਰੂ (ਅਰਜੁਨ) ਵਿਚ ਸਮਾਈ ਹੋਈ ਹੈ।
ਆਪ ਜੂਨਾਂ ਤੋਂ ਰਹਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਕਲ੍ਯ੍ਯ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜਸ ਉਚਾਰਿਆ ਹੈ।
ਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ।
ਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਹਨਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ ॥੪॥
(ਗੁਰੂ) ਅਰਜਨ (ਸਾਹਿਬ) ਸਦ-ਜੀਵੀ ਹੈ, (ਆਪ ਦਾ) ਮੁੱਲ ਨਹੀਂ ਪੈ ਸਕਦਾ, (ਆਪ) ਜੂਨਾਂ ਤੋਂ ਰਹਤ ਤੇ ਸੁਤੇ ਪ੍ਰਕਾਸ਼ ਹਰੀ ਦਾ ਰੂਪ ਹਨ;
(ਗੁਰੂ ਅਰਜਨ) ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਹਰਨ ਵਾਲਾ, ਬੇਅੰਤ ਤੇ ਗਿਆਨ-ਸਰੂਪ ਹੈ।
(ਗੁਰੂ ਅਰਜਨ ਸਾਹਿਬ ਜੀ ਦੀ) ਉਸ ਹਰੀ ਤਕ ਪਹੁੰਚ ਹੈ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ, (ਗੁਰੂ ਅਰਜਨ) ਭਰਮ ਤੇ ਭਟਕਣਾ ਨੂੰ ਦੂਰ ਕਰਨ ਵਾਲਾ ਹੈ, ਸੀਤਲ ਹੈ ਤੇ ਸੁਖਾਂ ਦੇ ਦੇਣ ਵਾਲਾ ਹੈ;
(ਮਾਨੋ) ਅਜਨਮਾ, ਪੂਰਨ ਪੁਰਖ ਸਿਰਜਣਹਾਰ ਪ੍ਰਗਟ ਹੋ ਪਿਆ ਹੈ।
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੀ ਬਰਕਤਿ ਨਾਲ, (ਗੁਰੂ ਅਰਜਨ ਦੇਵ) ਸਤਿਗੁਰੂ ਦੇ ਸ਼ਬਦ ਵਿਚ ਲੀਨ ਹੈ।
ਗੁਰੂ ਰਾਮਦਾਸ ਜੀ ਧੰਨ ਹੈ, ਜਿਸ ਨੇ ਗੁਰੂ (ਅਰਜਨ ਜੀ ਨੂੰ) ਪਰਸ ਕੇ ਪਾਰਸ ਬਣਾ ਕੇ ਆਪਣੇ ਵਰਗਾ ਕਰ ਲਿਆ ਹੈ ॥੫॥
ਜਿਸ ਗੁਰੂ ਦੀ ਮਹਿਮਾ ਜਗਤ ਵਿਚ ਹੋ ਰਹੀ ਹੈ, ਜਿਸ ਦੇ ਹਿਰਦੇ ਵਿਚ ਭਾਗ ਜਾਗ ਪਿਆ ਹੈ, ਜੋ ਹਰੀ ਨਾਲ ਜੁੜਿਆ ਰਹਿੰਦਾ ਹੈ,
(ਜਿਸ ਨੇ) ਵੱਡੇ ਭਾਗਾਂ ਨਾਲ ਪੂਰਾ ਗੁਰੂ ਲੱਭ ਲਿਆ ਹੈ, (ਜਿਸ ਦੀ) ਬ੍ਰਿਤੀ (ਹਰੀ ਵਿਚ) ਜੁੜੀ ਰਹਿੰਦੀ ਹੈ, ਤੇ ਜੋ ਧਰਤੀ ਦਾ ਭਾਰ ਸਹਿ ਰਿਹਾ ਹੈ;
(ਹੇ ਗੁਰੂ ਅਰਜੁਨ ਜੀ!) ਤੂੰ ਭੈ ਦੂਰ ਕਰਨ ਵਾਲਾ, ਪਰਾਈ ਪੀੜ ਹਰਨ ਵਾਲਾ ਹੈਂ, ਕਵੀ ਕਲ੍ਯ੍ਯਸਹਾਰ ਤੇਰਾ ਜਸ ਆਖਦਾ ਹੈ।
ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁਲ ਵਿਚ ਧਰਮ ਦੇ ਝੰਡੇ ਵਾਲਾ, ਹਰੀ ਦਾ ਭਗਤ ਹੈ ॥੬॥
(ਗੁਰੂ ਅਰਜਨ ਦੇਵ ਜੀ ਨੇ) ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, (ਗੁਰੂ ਅਰਜਨ) ਗੁਰਮੱਤ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ,
ਸ੍ਰੇਸ਼ਟ ਸ਼ਬਦ ਵਾਲਾ ਹੈ, ਹਰੀ ਵਰਗਾ ਉਦਾਰ-ਚਿੱਤ ਹੈ, ਅਤੇ ਹਉਮੈ ਨੂੰ ਦੂਰ ਕਰਦਾ ਹੈ।
(ਆਪ) ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, (ਆਪ ਦੇ) ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੁੰਦਾ।
(ਆਪ) ਸਤਿਵੰਤ ਹਨ, ਹਰੀ ਦਾ ਨਾਮ-ਰੂਪ ਮੰਤ੍ਰ (ਜੋ, ਮਾਨੋ,) ਨੌ ਨਿਧੀਆਂ (ਹੈ ਆਪ ਦੇ ਖ਼ਜ਼ਾਨੇ ਵਿਚੋਂ) ਕਦੇ ਮੁੱਕਦਾ ਨਹੀਂ ਹੈ।
ਗੁਰੂ ਰਾਮਦਾਸ ਜੀ ਦਾ ਸਪੁਤ੍ਰ (ਗੁਰੂ ਅਰਜਨ ਜੀ) ਸਰਬ-ਵਿਆਪਕ (ਦਾ ਰੂਪ) ਹੈ; (ਆਪ ਨੇ) ਆਤਮਕ ਅਡੋਲਤਾ ਵਿਚ (ਆਪਣਾ) ਚੰਦੋਆ ਤਾਣਿਆ ਹੋਇਆ ਹੈ (ਭਾਵ, ਆਪ ਸਹਜ ਰੰਗ ਵਿਚ ਆਨੰਦ ਲੈ ਰਹੇ ਹਨ)।
ਕਲ੍ਯ੍ਯ ਕਵੀ ਆਖਦਾ ਹੈ, "ਹੇ ਗੁਰੂ ਅਰਜਨ ਦੇਵ! ਤੂੰ ਰਾਜ ਅਤੇ ਜੋਗ ਦਾ ਆਨੰਦ ਸਮਝ ਲਿਆ ਹੈ" (ਮਾਣ ਰਿਹਾ ਹੈਂ) ॥੭॥