ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ,
ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ,
ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।
ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੧॥
ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ, (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)।
ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ॥੧॥ ਰਹਾਉ ॥
ਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ।
ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ।
ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ),
ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੨॥
ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ,
ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ),
ਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ।
ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ॥੩॥
ਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ,
ਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ,
ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;
ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ॥੪॥
ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।
ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ,
ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ॥੪॥੧੯॥੮੮॥
ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ-ਇਹ ਅੱਖਾਂ ਵਿਚ ਨੀਂਦ ਆ ਰਹੀ ਹੈ।
ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।
ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ।
ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ ॥੧॥
(ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ।
(ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ ॥੧॥ ਰਹਾਉ ॥
ਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ.
ਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ।
ਠੱਗਣ ਵਾਲੇ ਪੰਜੇ ਡਾਕੂ-
ਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ ॥੨॥
ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ।
ਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ।
ਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ।
ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ॥੩॥
ਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ।
ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।
ਗੁਰੂ ਦੀ ਸੰਗਤਿ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ।
(ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ॥੪॥
(ਹੇ ਭਾਈ! ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
ਉਸਦੀ ਆਤਮਕ ਜੀਵਨ ਦੀ ਇਹ ਰਾਸਿ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ ॥੧॥ਰਹਾਉ ਦੂਜਾ॥੨੦॥੮੯॥
(ਹੇ ਭਾਈ! ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ,
ਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ,
ਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ,
ਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ ॥੧॥
(ਹੇ ਭਾਈ!) ਆਪਣੇ ਗੁਰੂ ਪਾਸ ਬੇਨਤੀ ਕਰ।
ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ ॥
(ਹੇ ਭਾਈ!) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ,
ਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ,
ਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ,
ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ॥੨॥
(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ,
ਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ,
ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,