ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 855


ਪਉੜੀ ॥

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥

(ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ,

ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥

ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ।

ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥

ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ,

ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥

(ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ।

ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥

ਹੇ ਨਾਨਕ! (ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੩॥੧॥ ਸੁਧੁ ॥

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ ॥

ਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਦੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥

ਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ।

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

ਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ॥੧॥ ਰਹਾਉ ॥

ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥

ਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ।

ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

ਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ ॥੧॥

ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥

ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ।

ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥

ਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ ॥੨॥

ਹਰਿ ਕੇ ਸੇਵਕ ਜੋ ਹਰਿ ਭਾਏ ਤਿਨੑ ਕੀ ਕਥਾ ਨਿਰਾਰੀ ਰੇ ॥

ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ।

ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ ॥੩॥

ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥

ਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ।

ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

ਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ॥੪॥੧॥

ਬਿਲਾਵਲੁ ॥

ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥

(ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)।

ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥

ਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ ॥੧॥

ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥

ਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ।

ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥

(ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ ॥੧॥ ਰਹਾਉ ॥

ਆਪਿ ਨ ਬਉਰਾ ਰਾਮ ਕੀਓ ਬਉਰਾ ॥

ਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ,

ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥

ਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ ॥੨॥

ਮੈ ਬਿਗਰੇ ਅਪਨੀ ਮਤਿ ਖੋਈ ॥

(ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?)

ਮੇਰੇ ਭਰਮਿ ਭੂਲਉ ਮਤਿ ਕੋਈ ॥੩॥

ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ ॥੩॥

ਸੋ ਬਉਰਾ ਜੋ ਆਪੁ ਨ ਪਛਾਨੈ ॥

(ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ।

ਆਪੁ ਪਛਾਨੈ ਤ ਏਕੈ ਜਾਨੈ ॥੪॥

ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ ॥੪॥

ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥

ਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)

ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥

ਕਬੀਰ ਆਖਦਾ ਹੈ-ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ (ਆਪਣੇ ਆਪ ਨੂੰ ਪਛਾਣ) ॥੫॥੨॥

ਬਿਲਾਵਲੁ ॥

ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥

ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ,

ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥

ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ ॥੧॥

ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥

ਹੇ ਪ੍ਰਭੂ! ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?

ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮੑਾਰੀ ॥੧॥ ਰਹਾਉ ॥

ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ ॥੧॥ ਰਹਾਉ ॥

ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥

ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ।

ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥

ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter