ਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ)। ਆਪਣੇ ਆਪ ਨੂੰ ਵੱਸ ਵਿਚ ਰੱਖ।
ਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ। (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ ॥੨॥੧॥੨॥
ਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥
ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ।
ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥
ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।
ਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥
ਰਾਗ ਕੇਦਾਰਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ-
(ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ।
ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ॥ ਰਹਾਉ॥
ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,
ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ।
ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥
ਹੇ ਦਇਆ ਦੇ ਮਾਲਕ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ।
ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!
ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ।
ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ।
ਹੇ ਪ੍ਰਭੂ! (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ,
ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ॥੨॥੧॥੨॥
ਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂ
ਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ ॥
ਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ।
ਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥
ਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼)।
ਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥
ਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ।
ਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ॥
ਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।