ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ ॥੧॥
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ।
ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ ॥੨॥੩੬॥੫੯॥
ਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ।
ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥
ਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ।
ਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ॥੧॥
ਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀਂ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ)।
ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥
ਹੇ (ਮੂਰਖ)! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ?
ਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ ॥੧॥ ਰਹਾਉ ॥
ਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ।
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ॥੧॥
ਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ।
ਨਾਨਕ ਆਖਦਾ ਹੈ- ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ ॥੨॥੩੮॥੬੧॥
ਹੇ ਸਤਿਗੁਰੂ ਜੀ! ਤੇਰੀ ਸੰਗਤ ਵਿਚ (ਰਹਿ ਕੇ) ਇਹ ਸਮਝ ਆਈ ਹੈ,
ਕਿ (ਜਿਹੜੇ ਜਗਤ ਵਿਚ) ਕ੍ਰੋੜਾਂ ਸੂਰਮੇ (ਅਖਵਾਂਦੇ ਸਨ) ਉਹਨਾਂ ਦੀ ਜਿੱਥੇ ਵਾਤ ਭੀ ਨਹੀਂ ਪੁੱਛੀ ਜਾਂਦੀ (ਜੇ ਤੇਰੀ ਸੰਗਤ ਵਿਚ ਟਿਕੇ ਰਹੀਏ) ਤਾਂ ਉਸ ਦਰਗਾਹ ਵਿਚ ਭੀ ਆਦਰ ਮਿਲਦਾ ਹੈ ॥੧॥ ਰਹਾਉ ॥
(ਰਕਤ ਬਿੰਦ ਦਾ) ਜੀਵ ਦਾ ਗੰਦਾ ਜਿਹਾ ਹੀ ਮੁੱਢ ਆਖਿਆ ਜਾਂਦਾ ਹੈ (ਪਰ ਇਸ ਗੰਦੇ ਮੂਲ ਤੋਂ ਭੀ) ਕੈਸੀ ਸੋਹਣੀ ਸ਼ਕਲ ਦਿੱਸ ਪੈਂਦੀ ਹੈ।
ਜਦੋਂ ਮਿੱਟੀ ਦੇ ਅੰਦਰ (ਪ੍ਰਭੂ ਦੀ) ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਇਸ ਨੂੰ ਦੁਰਲੱਭ (ਮਨੁੱਖਾ) ਸਰੀਰ ਆਖੀਦਾ ਹੈ ॥੧॥
ਹੇ ਗੁਰੂ! ਤੈਥੋਂ ਹੀ (ਮੈਂ) ਸੇਵਾ-ਭਗਤੀ ਦੀ ਜਾਚ ਸਿੱਖੀ, ਤੈਥੋਂ ਹੀ ਜਪ ਤਪ ਦੀ ਸਮਝ ਆਈ, ਤੈਥੋਂ ਹੀ ਸਹੀ ਜੀਵਨ-ਰਸਤਾ ਸਮਝਿਆ।
ਮੇਰੇ ਮੱਥੇ ਉੱਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ, ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ ॥੨॥੩੯॥੬੨॥
ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ।
ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ॥੧॥ ਰਹਾਉ ॥
ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ।
ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ ॥੧॥
ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ।
ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ॥੨॥੪੦॥੬੩॥
ਹੇ ਹਰੀ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈਂ।
ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਮੇਰਾ ਇਹ ਸਰੀਰ ਤੇਰੀ ਹੀ ਬਖ਼ਸ਼ੀ ਖ਼ੁਰਾਕ ਨਾਲ ਪਲਿਆ ਹੈ ॥੧॥ ਰਹਾਉ ॥
ਹੇ ਪ੍ਰਭੂ! ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦੇਂਦਾ ਹੈਂ, ਤੂੰ ਹੀ ਮੈਨੂੰ ਆਦਰ ਦਿੰਦਾ ਹੈਂ।
ਹੇ ਦਿਲ ਦੀ ਜਾਣਨ ਵਾਲੇ! ਹੇ ਜਾਣੀਜਾਣ! ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈਂ ॥੧॥