ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥
ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ,
ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥
(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ।
ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥
ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)।
ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ।
(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥
ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ)
ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ॥੧॥ ਰਹਾਉ ॥
ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ।
ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥
ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ,
ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥
ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,
(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥
ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)।
(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥
ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ।
(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥
ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,
ਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥
(ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ।
ਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥
ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ।