ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 187


ਕਵਨ ਗੁਨੁ ਜੋ ਤੁਝੁ ਲੈ ਗਾਵਉ ॥

ਹੇ ਪਾਰਬ੍ਰਹਮ ਪ੍ਰਭੂ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤ-ਸਾਲਾਹ ਕਰਾਂ,

ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

ਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ॥੧॥ ਰਹਾਉ ॥

ਕਵਨ ਸੁ ਪੂਜਾ ਤੇਰੀ ਕਰਉ ॥

ਹੇ ਪਾਰਬ੍ਰਹਮ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ)?

ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

ਹੇ ਪ੍ਰਭੂ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ? ॥੨॥

ਕਵਨ ਤਪੁ ਜਿਤੁ ਤਪੀਆ ਹੋਇ ॥

ਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ)?

ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

ਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ? ॥੩॥

ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥

ਹੇ ਨਾਨਕ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ),

ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ ॥੪॥

ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥

ਉਸੇ ਦੀ ਹੀ ਕੀਤੀ ਹੋਈ ਸਿਫ਼ਤ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ,

ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

(ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ॥੧॥ਰਹਾਉ ਦੂਜਾ॥੩੬॥੧੦੫॥

ਗਉੜੀ ਮਹਲਾ ੫ ॥

ਆਪਨ ਤਨੁ ਨਹੀ ਜਾ ਕੋ ਗਰਬਾ ॥

(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ।

ਰਾਜ ਮਿਲਖ ਨਹੀ ਆਪਨ ਦਰਬਾ ॥੧॥

ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ॥੧॥

ਆਪਨ ਨਹੀ ਕਾ ਕਉ ਲਪਟਾਇਓ ॥

(ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ।

ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥

(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ॥੧॥ ਰਹਾਉ ॥

ਸੁਤ ਬਨਿਤਾ ਆਪਨ ਨਹੀ ਭਾਈ ॥

ਪੁੱਤਰ, ਇਸਤ੍ਰੀ, ਭਰਾ, (ਇਹਨਾਂ ਵਿਚੋਂ ਕੋਈ ਆਪਣਾ ਨਹੀਂ)

ਇਸਟ ਮੀਤ ਆਪ ਬਾਪੁ ਨ ਮਾਈ ॥੨॥

ਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ॥੨॥

ਸੁਇਨਾ ਰੂਪਾ ਫੁਨਿ ਨਹੀ ਦਾਮ ॥

(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ।

ਹੈਵਰ ਗੈਵਰ ਆਪਨ ਨਹੀ ਕਾਮ ॥੩॥

ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ॥੩॥

ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ,

ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥

ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ॥੪॥੩੭॥੧੦੬॥

ਗਉੜੀ ਮਹਲਾ ੫ ॥

ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥

(ਹੇ ਭਾਈ!) ਗੁਰੂ ਦੇ ਚਰਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ,

ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥

ਉਹਨਾਂ ਦੀ ਬਰਕਤਿ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੧॥

ਸਤਿਗੁਰ ਅਪੁਨੇ ਕਉ ਕੁਰਬਾਨੀ ॥

ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥

(ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ ॥੧॥ ਰਹਾਉ ॥

ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥

ਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ,

ਅਹੰਬੁਧਿ ਤਿਨਿ ਸਗਲ ਤਿਆਗੀ ॥੨॥

ਉਸ ਨੇ ਆਪਣੀ ਸਾਰੀ ਹਉਮੈ (ਪੈਦਾ ਕਰਨ ਵਾਲੀ) ਬੁੱਧੀ ਤਿਆਗ ਦਿੱਤੀ ॥੨॥

ਗੁਰ ਕਾ ਸਬਦੁ ਲਗੋ ਮਨਿ ਮੀਠਾ ॥

(ਹੇ ਭਾਈ!) ਗੁਰੂ ਦਾ ਸ਼ਬਦ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ,

ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥

ਉਸ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਦਰਸਨ ਕਰ ਰਿਹਾ ਹਾਂ ॥੩॥

ਗੁਰੁ ਸੁਖਦਾਤਾ ਗੁਰੁ ਕਰਤਾਰੁ ॥

ਹੇ ਨਾਨਕ! (ਆਖ-ਮੇਰੇ ਵਾਸਤੇ) ਗੁਰੂ (ਹੀ ਸਾਰੇ) ਸੁਖਾਂ ਦਾ ਦੇਣ ਵਾਲਾ ਹੈ, ਗੁਰੂ ਕਰਤਾਰ (ਦਾ ਰੂਪ) ਹੈ।

ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥

ਗੁਰੂ ਮੇਰੀ ਜਿੰਦ ਦਾ ਸਹਾਰਾ ਹੈ, ਗੁਰੂ ਮੇਰੇ ਪ੍ਰਾਣਾਂ ਦਾ ਸਹਾਰਾ ਹੈ ॥੪॥੩੮॥੧੦੭॥

ਗਉੜੀ ਮਹਲਾ ੫ ॥

ਰੇ ਮਨ ਮੇਰੇ ਤੂੰ ਤਾ ਕਉ ਆਹਿ ॥

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ,

ਜਾ ਕੈ ਊਣਾ ਕਛਹੂ ਨਾਹਿ ॥੧॥

ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ॥੧॥

ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥

ਹੇ ਮੇਰੇ ਮਿੱਤਰ ਮਨ! ਪਰਮਾਤਮਾ ਵਰਗਾ ਪ੍ਰੀਤਮ ਬਣਾ,

ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥

ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ॥੧॥ ਰਹਾਉ ॥

ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ,

ਆਦਿ ਪੁਰਖ ਅਪਰੰਪਰ ਦੇਵ ॥੨॥

ਜੋ (ਸਾਰੇ ਜਗਤ ਦਾ) ਮੂਲ ਹੈ, ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ ॥੨॥

ਤਿਸੁ ਊਪਰਿ ਮਨ ਕਰਿ ਤੂੰ ਆਸਾ ॥

ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ,

ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥

ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ॥੩॥

ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥

(ਹੇ ਭਾਈ!) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ,

ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥

ਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ ॥੪॥੩੯॥੧੦੮॥

ਗਉੜੀ ਮਹਲਾ ੫ ॥

ਮੀਤੁ ਕਰੈ ਸੋਈ ਹਮ ਮਾਨਾ ॥

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ,

ਮੀਤ ਕੇ ਕਰਤਬ ਕੁਸਲ ਸਮਾਨਾ ॥੧॥

ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ॥੧॥

ਏਕਾ ਟੇਕ ਮੇਰੈ ਮਨਿ ਚੀਤ ॥

(ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ,

ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ॥੧॥ ਰਹਾਉ ॥

ਮੀਤੁ ਹਮਾਰਾ ਵੇਪਰਵਾਹਾ ॥

(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ),

ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ॥੨॥

ਮੀਤੁ ਹਮਾਰਾ ਅੰਤਰਜਾਮੀ ॥

ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ।

ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ॥੩॥

ਹਮ ਦਾਸੇ ਤੁਮ ਠਾਕੁਰ ਮੇਰੇ ॥

ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430