ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ ॥੩॥
(ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ।
ਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ॥੪॥
ਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) 'ਆਦਿ ਪੁਰਖ' ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ।
ਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ॥੫॥
ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ।
ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ 'ਪਿਤਾ' ਦੇ ਥਾਂ) ਲਫ਼ਜ਼ 'ਮੀਆਂ' ਪ੍ਰਧਾਨ ਹੈ ॥੬॥
ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)?
ਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫ਼ਾਂ ਦੱਸ ਸਕਦੇ ਹਨ ॥੭॥
(ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ।
ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੧॥੮॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ।
(ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ॥੧॥
ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ)।
ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ)। (ਇਸ ਵਾਸਤੇ, ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ ॥੧॥ ਰਹਾਉ ॥
ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ।
ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ ॥੨॥
ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ।
ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੩॥
ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ।
ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ॥੪॥
ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ।
ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ ॥੫॥
ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ।
ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ॥੬॥
(ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ।
ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੭॥
(ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ। ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ। ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤ ਵਿਚ (ਲਿਆ) ਜੋੜਦਾ ਹੈ।
ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੮॥੧॥੯॥