ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 243


ਗਉੜੀ ਛੰਤ ਮਹਲਾ ੧ ॥

ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ।

ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥

ਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ।

ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥

ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।

ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥

ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।

ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥

ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

(ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ॥੧॥

ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥

ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?

ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥

ਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ।

ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥

ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ।

ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥

ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ।

ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥

ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ।

ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ।

ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥

(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।

ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥

ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ।

ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥

(ਸਿਮਰਨ ਤੋਂ ਬਿਨਾ ਸਿਫ਼ਤ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।

ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥

ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।

ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ॥੩॥

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥

ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ।

ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।

ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥

ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ।

ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥

ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ।

ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥

ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ।

ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ॥੪॥੨॥

ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ॥

ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥

(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ।

ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥

ਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।

ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥

ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ।

ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥

ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ।

ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥

ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ।

ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ॥੧॥

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥

ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ,

ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥

ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ।

ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥

ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ।

ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥

ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430