ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੀ ਸੰਗਤਿ ਤੋਂ ਬਿਨਾ ਮੇਰਾ ਕੋਈ ਚੰਗਾ ਹਾਲ ਨਹੀਂ ਹੈ।
(ਹੇ ਪਿਆਰੇ ਪ੍ਰਭੂ!) ਮੇਰੀ ਕੋਈ ਚੰਗੀ ਕੁਲ ਨਹੀਂ, ਮੇਰਾ ਸੁੰਦਰ ਰੂਪ ਨਹੀਂ, ਅੰਦਰ (ਗੁਣਾਂ ਦੀ) ਸੁਗੰਧੀ ਨਹੀਂ, ਮੈਨੂੰ ਆਤਮਕ ਜੀਵਨ ਦੀ ਕੋਈ ਸੂਝ-ਬੂਝ ਨਹੀਂ (ਹੇ ਪਿਆਰੇ!) ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ।
(ਤੇਰਾ ਸੇਵਕ) ਨਾਨਕ (ਦੋਵੇਂ) ਹੱਥ ਜੋੜ ਕੇ ਤੇਰੀ ਸਰਨ ਪਿਆ ਹੈ, ਹੇ ਪਿਆਰੇ! ਹੇ ਨਾਥ! ਹੇ ਪ੍ਰਭੂ! ਮੇਰੀ ਆਤਮਕ ਅਵਸਥਾ ਉੱਚੀ ਬਣਾ ॥੧॥
ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ। ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ?
ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ।
ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ। (ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ। ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ।
ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ।
ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ।
ਹੇ ਨਾਨਕ! (ਆਖ-) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ ॥੨॥
(ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ।
(ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ। ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ।
ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ।
ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ। ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ?
ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੩॥
ਹੇ ਮੇਰੇ ਖਸਮ-ਪ੍ਰਭੂ! ਮੈਂ ਚਿੱਤ (ਵਿਚ ਤੈਨੂੰ ਹੀ) ਚਿਤਾਰਦਾ ਹਾਂ, ਹੇ ਨਾਥ! ਮੈਂ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ। ਮੈਨੂੰ ਅਨਾਥ ਨੂੰ ਆਪਣੀ ਸਰਨ ਵਿਚ ਰੱਖ ਲੈ। (ਹੇ ਨਾਥ! ਮੈਨੂੰ) ਮਿਲ (ਤੈਨੂੰ ਮਿਲਣ ਲਈ ਮੇਰੇ ਅੰਦਰ) ਚਾਉ ਹੈ, ਮੇਰੀ ਜਿੰਦ ਤੇਰੇ ਦਰਸਨ ਲਈ ਉਤਸ਼ਾਹ ਵਿਚ ਆਈ ਹੋਈ ਹੈ।
ਹੇ ਪ੍ਰਭੂ! ਤੇਰੇ ਸੋਹਣੇ ਸਰੂਪ ਵਿਚ ਮੇਰੀ ਸੁਰਤਿ ਜੁੜੀ ਹੋਈ ਹੈ, ਤੇਰੇ ਸੋਹਣੇ ਸਰੀਰ ਵਲ ਮੇਰਾ ਧਿਆਨ ਲੱਗਾ ਹੋਇਆ ਹੈ। ਹੇ ਗੋਪਾਲ! ਮੇਰਾ ਮਨ ਤੇਰੇ ਨਾਲ ਡੂੰਘੀ ਸਾਂਝ ਪਾਣ ਵਾਸਤੇ ਲਲਚਾ ਰਿਹਾ ਹੈ। ਤੂੰ ਉਹਨਾਂ (ਵਡ-ਭਾਗੀਆਂ) ਦਾ ਮਾਣ ਰੱਖਦਾ ਹੈਂ ਜੇਹੜੇ ਤੇਰੇ ਦਰ ਦੇ ਮੰਗਤੇ ਬਣਦੇ ਹਨ।
ਹੇ ਪ੍ਰਭੂ! ਆਪਣੇ ਦਰ ਦੇ ਮੰਗਤਿਆਂ ਦਾ ਆਦਰ-ਮਾਣ ਕਰਦਾ ਹੈਂ, ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਕਰਦਾ ਹੈਂ, (ਤੇਰੀ ਮੇਹਰ ਨਾਲ ਉਹਨਾਂ ਦੀਆਂ) ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।
ਜੇਹੜੇ (ਵਡ-ਭਾਗੀ ਮਨੁੱਖ) ਪ੍ਰਭੂ-ਪਤੀ ਦੇ ਗਲ ਨਾਲ ਲੱਗਦੇ ਹਨ, ਉਹਨਾਂ (ਦੀ ਜ਼ਿੰਦਗੀ) ਦੇ ਦਿਨ ਭਾਗਾਂ ਵਾਲੇ ਹੋ ਜਾਂਦੇ ਹਨ, ਖਸਮ-ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ।
ਜਿਨ੍ਹਾਂ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਨਾਸ ਹੋ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਲੱਛਮੀ-ਪਤੀ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ-ਪ੍ਰਭੂ ਮੈਨੂੰ ਮਿਲ ਪਿਆ ਹੈ, ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ ॥੪॥੧॥੧੪॥
ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 'ਵਾਰ' ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।
(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।
ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,
ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥