ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ॥੩॥
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ।
ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ॥੪॥
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ-(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ)।
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ॥੫॥
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ 'ਮੇਰੀ (ਮਾਇਆ) ਮੇਰੀ (ਮਾਇਆ)' ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ।
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ) ਨਾਸ ਹੋ ਜਾਂਦਾ ਹੈ। ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ॥੬॥
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ,
ਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ॥੭॥
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ।
(ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ॥੮॥
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ?
(ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ। ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ॥੯॥
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ।
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ॥੧੦॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ। ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ,
ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੧੧॥
ਸੰਤ ਜਨਾਂ ਦੀ ਸੰਗਤ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ।
ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ। ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ॥੧੨॥੮॥
ਰਾਗ ਮਾਰੂ/ਕਾਫੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ,
ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ॥੧॥
(ਹੇ ਪ੍ਰੀਤਮ ਪ੍ਰਭੂ!) ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਗਿਆ ਹੈ।
ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ ॥੧॥ ਰਹਾਉ ॥
(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ?
(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ। ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ॥੨॥
ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ।
ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ॥੩॥
(ਪਤੀ ਪ੍ਰਭੂ ਨੂੰ ਭੁਲੀਆਂ ਜੀਵ-ਇਸਤ੍ਰੀਆਂ) ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ,
ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ, ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ॥੪॥