ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ।
ਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ। (ਇਹ ਸਾਰੀ ਮਿਹਰ ਗੁਰੂ ਦੀ ਹੀ ਹੈ)।
ਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।
(ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ ॥੧॥
ਹੇ ਬੇਅੰਤ ਪ੍ਰਭੂ! ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ,
ਜਦੋਂ ਤੋਂ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ ॥੧॥ ਰਹਾਉ ॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ,
ਪ੍ਰਭੂ ਦੇ ਸੰਤ ਜਨ (ਸਾਧ ਸੰਗਤ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ।
(ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ।
(ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ ॥੨॥
(ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ।
ਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ।
(ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ।
ਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ ॥੩॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ,
ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ।
ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।
ਦਾਸ ਨਾਨਕ ਆਖਦਾ ਹੈ- ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰ ਕੇ (ਮਾਇਆ ਦਾ ਮੋਹ ਦੂਰ ਹੁੰਦਾ ਹੈ) ॥੪॥੧॥
(ਜਿਵੇਂ ਕੋਈ) ਦੁਕਾਨਦਾਰ (ਆਪਣੇ ਮਨ-ਪਸੰਦ ਦੇ) ਮਾਲ-ਧਨ ਦੀ ਦੁਕਾਨ ਚਲਾਂਦਾ ਹੈ,
(ਜਿਵੇਂ ਕਿਸੇ) ਜੁਆਰੀਏ ਦਾ ਮਨ ਜੂਏ ਵਿਚ ਮਗਨ ਰਹਿੰਦਾ ਹੈ,
ਜਿਵੇਂ ਕੋਈ ਅਫੀਮੀ ਅਫੀਮ ਖਾ ਕੇ ਸੁਖ ਪ੍ਰਤੀਤ ਕਰਦਾ ਹੈ,
ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੧॥
ਹਰੇਕ ਜੀਵ ਆਪੋ ਆਪਣੇ ਮਨ-ਭਾਉਂਦੇ ਸੁਆਦ ਵਿਚ ਮਸਤ ਰਹਿੰਦਾ ਹੈ,
(ਪਰ) ਪ੍ਰਭੂ ਨੇ (ਹੀ) ਜਿਸ (ਸੁਆਦ) ਵਿਚ ਲਾਇਆ ਹੈ, ਉਸ ਉਸ (ਸੁਆਦ) ਵਿਚ (ਹਰੇਕ ਜੀਵ) ਲੱਗਾ ਰਹਿੰਦਾ ਹੈ ॥੧॥ ਰਹਾਉ ॥
ਘਟਾਂ ਚੜ੍ਹਦੀਆਂ ਹਨ ਤਾਂ ਮੋਰ ਪੈਲਾਂ ਪਾਂਦੇ ਹਨ,
ਚੰਦ ਨੂੰ ਵੇਖ ਕੇ ਕੰਮੀਆਂ ਖਿੜਦੀਆਂ ਹਨ,
(ਆਪਣੇ) ਬੱਚੇ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ ਹੈ,
ਤਿਵੇਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਭਗਤ ਆਤਮਕ ਹੁਲਾਰੇ ਵਿਚ ਆਉਂਦੇ ਹਨ ॥੨॥
ਮਾਸ ਦਾ ਭੋਜਨ ਮਿਲੇ ਤਾਂ ਸ਼ੇਰ ਸਦਾ ਖ਼ੁਸ਼ ਹੁੰਦਾ ਹੈ,
ਜੁੱਧ ਵੇਖ ਕੇ ਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਹੈ,
ਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ।
(ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ ॥੩॥
ਪਰ, (ਦੁਨੀਆ ਦੇ) ਸਾਰੇ ਸੁਆਦ ਪਰਮਾਤਮਾ ਦੇ ਨਾਮ ਦੇ ਸੁਆਦ ਦੇ ਵਿਚ ਹੀ ਆ ਜਾਂਦੇ ਹਨ (ਨਾਮ-ਰਸ ਨਾਲੋਂ ਘਟੀਆ ਹਨ)।
ਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿਚ ਹੀ ਹਨ।
ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ,
ਹੇ ਨਾਨਕ! ਜਿਸ ਨੂੰ ਗੁਰੂ ਦੇਂਦਾ ਹੈ ॥੪॥੨॥
ਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ,
ਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ।
ਉਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਇਕ ਹਰਿ-ਨਾਮ ਸਿਮਰਨ ਦਾ ਸਦਾ ਆਹਰ ਰਹਿੰਦਾ ਹੈ।
ਉਸ ਮਨੁੱਖ ਨੂੰ ਖਿੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥
ਮੈਂ ਤਾਂ ਉਸ ਮਨੁੱਖ ਦੇ ਹਿਰਦੇ ਵਿਚ ਖਿੜਾਉ (ਪੈਦਾ ਹੋਇਆ) ਸਮਝਦਾ ਹਾਂ,
ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਹੋਈ ਹੈ, ਜਿਸ ਦੇ ਹਿਰਦੇ ਵਿਚ ਪਰਮਾਤਮਾ (ਦੇ ਨਾਮ) ਦੀ ਲਗਨ ਹੈ ॥੧॥ ਰਹਾਉ ॥
ਹੇ ਮੇਰੇ ਮਨ! ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤ ਪਾ ਕੇ ਸਦਾ ਖਿੜਿਆ ਰਹੁ।
ਹੇ ਮਨ! ਸੰਤ ਜਨਾਂ ਨੂੰ ਪੁੱਛ ਕੇ ਆਤਮਕ ਜੀਵਨ ਦੀ ਸੂਝ ਹਾਸਲ ਕਰੀਦੀ ਹੈ।
(ਅਸਲ) ਤਪਸ੍ਵੀ ਉਹ ਮਨੁੱਖ ਹੈ ਜਿਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,
ਉਹ ਮਨੁੱਖ ਸਦਾ ਜੁੜੀ ਸੁਰਤ ਵਾਲਾ ਜਾਣੋ, ਜਿਸ ਦੇ ਅੰਦਰ ਗੁਰ (-ਚਰਨਾਂ) ਦਾ ਪਿਆਰ ਹੈ ॥੨॥
ਉਹ ਬੰਦੇ (ਦੁਨੀਆ ਦੇ) ਡਰਾਂ ਤੋਂ ਉਤਾਂਹ ਹਨ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਵੱਸਦਾ ਹੈ।
ਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ।
ਸਿਰਫ਼ ਉਹ ਮਨੁੱਖ ਇਕਾਂਤ ਥਾਂ ਵਿਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ (ਇਕ ਥਾਂ ਟਿਕਿਆ ਹੋਇਆ ਹੈ)।
ਉਹੀ ਮਨੁੱਖ ਅਡੋਲ ਚਿੱਤ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੩॥
ਜਿਹੜਾ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਭਾਲਦਾ ਹੈ,
ਜਿਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ ਹੈ, ਜਿਸ ਦੇ ਚਿੱਤ ਵਿਚ ਇਕ ਪ੍ਰਭੂ ਦੇ ਦਰਸਨ ਦੀ ਛੁਹ ਦੀ ਤਾਂਘ ਹੈ,
ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਮਾਣਦਾ ਹੈ,
ਦਾਸ ਨਾਨਕ ਆਖਦਾ ਹੈ- ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੪॥੩॥