ਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ।
ਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ॥੩॥
ਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ।
ਨਾਨਕ ਆਖਦਾ ਹੈ- (ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ॥੪॥੨॥੪੧॥
ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।
ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥
(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।
ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥
(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,
ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥
ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;
(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥
ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।
ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥
(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।
(ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ ॥੧॥
ਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ।
ਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ॥੧॥ ਰਹਾਉ ॥
(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ।
ਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ ॥੨॥
(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ।
ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ ॥੩॥
ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।
ਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ ॥੪॥੪॥੪੩॥
ਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ।
ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ॥੧॥
(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ।
ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ, ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ।
ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ॥੨॥
(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ)।
(ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ॥੩॥