ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥
ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ।
ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ ॥
ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।
ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥
ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।
ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥
ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ)।
ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ॥੪॥੧॥੧੨੩॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,
(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥
ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,
ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥
(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।
(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥
(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।
ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥
(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)।
ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!
ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥
ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।
ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,
ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥
ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।
ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥
ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।
ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ,
(ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ॥੧॥
ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?
(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ ॥
'ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ'-ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ।