ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥
ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ।
(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ।
ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ।
ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥
(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।
(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।
(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥
(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।
ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।
ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥
ਮਨੁੱਖ ਸਰੀਰ ਨੂੰ (ਭਾਵ, ਗਿਆਨ-ਇੰਦ੍ਰਿਆਂ ਨੂੰ) ਆਪਣੇ ਵੱਸ ਵਿਚ ਰੱਖਣ ਦੇ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।
ਜੇ ਮਨੁੱਖ ਆਤਮਕ ਉੱਨਤੀ ਸੰਬੰਧੀ (ਅਜੇਹੇ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਰਹੇ, ਤਾਂ ਕਦੇ ਭੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ॥੧॥
ਹੇ ਮੇਰੇ ਮਨ! (ਮੇਰੀ ਗੱਲ) ਸੁਣ, ਸਤਿਗੁਰੂ ਦੀ ਸਰਨ ਪਉ।
(ਮਾਇਆ ਦੇ ਪ੍ਰਭਾਵ ਤੋਂ) ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ, ਇਹ ਜ਼ਹਰ-(ਭਰਿਆ) ਸੰਸਾਰ-ਸਮੁੰਦਰ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਤਰ ਸਕੀਦਾ ਹੈ ॥੧॥ ਰਹਾਉ ॥
ਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ-ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਦਾ ਪਿਆਰ (ਮਨ ਵਿਚ) ਵਿਕਾਰ (ਹੀ) ਪੈਦਾ ਕਰਦਾ ਹੈ।
ਮਾਇਆ ਦੇ ਬੰਧਨਾਂ ਵਿਚ ਮਾਇਆ ਦੇ ਮੋਹ ਦਾ ਬੱਝਾ ਹੋਇਆ ਪੰਡਿਤ (ਧਰਮ-ਪੁਸਤਕ) ਪੜ੍ਹਦਾ ਹੈ, ਪਰ ਮਾਇਆ ਦੇ ਪਿਆਰ ਵਿਚ (ਫਸਿਆ ਰਹਿਣ ਕਰਕੇ ਉਹ ਜੀਵਨ ਦਾ ਸਹੀ ਰਸਤਾ) ਨਹੀਂ ਸਮਝ ਸਕਦਾ।
ਜੇ ਸਤਿਗੁਰੂ ਮਿਲ ਪਏ ਤਾਂ (ਮਾਇਆ-ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ) ਖਿੱਝ ਦੂਰ ਹੋ ਜਾਂਦੀ ਹੈ, ਮਾਇਆ ਦੇ ਤਿੰਨ ਗੁਣਾਂ ਤੋਂ ਉਤਲੇ ਆਤਮਕ ਦਰਜੇ ਵਿਚ (ਪਹੁੰਚਿਆਂ) (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੨॥
ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ।
ਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਨਾਮ ਪ੍ਰਾਪਤ ਕਰ ਸਕਦਾ ਹੈ ॥੩॥
(ਨਹੀਂ ਤਾਂ) ਇਹ ਮਨ (ਤਾਂ) ਬੜਾ ਬਲਵਾਨ ਹੈ (ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਹੀਲੇ ਨਾਲ ਇਹ (ਕੁਰਾਹੇ ਪਾਣੋਂ) ਛੱਡਦਾ ਨਹੀਂ।
ਮਾਇਆ ਦੇ ਪਿਆਰ ਵਿਚ ਫਸਾ ਕੇ (ਮਨੁੱਖ ਨੂੰ) ਦੁੱਖ ਚੰਬੋੜ ਦੇਂਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ (ਇਸ ਦੇ ਪੰਜੇ ਤੋਂ) ਬਚਦੇ ਹਨ ॥੪॥੧੮॥੫੧॥
(ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ (ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।
(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ॥੧॥
ਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।
ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥
ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ।
(ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ) ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ।
ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥
ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਜਾਣਗੇ।
ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥