ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
ਤੇ ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ॥੧॥ ਰਹਾਉ ॥
ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ,
ਤੇ ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥
ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ,
ਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਹੇ ਨਾਨਕ!॥੨॥੧੪॥
ਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ।
ਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ ਤੇ ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ ॥੧॥ ਰਹਾਉ ॥
ਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ।
ਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ ॥੧॥
ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ,
ਹੇ ਨਾਨਕ! ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ ॥੨॥੧੫॥
ਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ।
ਇਸ ਤਰ੍ਹਾਂ ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਮਿਲਦਾ ਹੈ, ਤੇ ਇੰਜ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੧॥ ਰਹਾਉ ॥
ਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ-ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ।
(ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ।
ਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ ॥੨॥੧੬॥
ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ।
ਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ ਰਹਾਉ ॥
ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ।
(ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇ ਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥
ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ।
ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ॥੨॥੧੭॥
(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੇ ਚਰਨ ਟਿਕ ਜਾਂਦੇ ਹਨ,
ਉਸ ਮਨੁੱਖ ਦੇ ਸਾਰੇ ਰੋਗ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿਚ ਵਸਾਣਾ ਹੀ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਹੈ, ਕ੍ਰੋੜਾਂ ਤੀਰਥਾਂ ਦੇ ਜਲ ਵਿਚ ਚੁੱਭੀ ਹੈ।
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ॥੧॥
ਪਰਮਾਤਮਾ ਮੇਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਲੈਂਦਾ ਹੈ।
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੮॥ ਛੇ ਛੇ ਸ਼ਬਦਾਂ ਦੇ ਤਿੰਨ ਸੰਗ੍ਰਹਿ॥
ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ,