ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥
ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,
ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥
ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ।
ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥
ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,
(ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥
ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ।
ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥
ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ।
ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥
ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,
(ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ॥੬੪॥
ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।
ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥
ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ।
(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥
ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ।
(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥
ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ।
(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥
ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?
ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥
ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,
(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥
ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।
ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥
ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।
ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥
ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ।
ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) ॥੭੩॥
ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,
(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥
ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।
ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥
ਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ,
ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥
(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ।
(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥
ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।