ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ।
ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ।
ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ॥੫॥
ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ,
ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ?
ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ;
ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ।
ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ।
ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ॥੬॥
ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ)।
(ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ)।
(ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ।
(ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ।
ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ।
(ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ॥੭॥
ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ,
ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ।
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ,
(ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ।
ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੮॥
ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ।
(ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ)। ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ।
ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ।
(ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।
ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ।
ਹੇ ਨਾਨਕ! (ਆਖ-) (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ ॥੯॥੨॥੫॥
ਰਾਗ ਸੂਹੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ।
ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ।
ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ।
ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ॥੧॥
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।
ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ।