(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ,
ਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ।
ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।
ਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ॥੮॥੧॥
(ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ।
(ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ।
(ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ,
ਤੇ ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ ॥੧॥
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤ-ਸਾਲਾਹ ਕਰਦਾ ਰਹੁ,
ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ ॥੧॥ ਰਹਾਉ ॥
(ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ,
ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ।
ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ,
ਤੇ ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੨॥
ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ,
ਜਿਸ ਦਾ ਨਾਮ ਜਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ।
ਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ,
ਤੇ ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ ॥੩॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ,
ਤੇ ਜਿਸ ਦਾ ਨਾਮ ਜਪਿਆਂ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ।
ਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ,
ਤੇ ਜਿਸ ਦਾ ਨਾਮ ਜਪਿਆਂ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ ॥੪॥
ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ,
(ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ।
ਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ,
ਤੇ ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ॥੫॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ,
ਜਿਸ ਦਾ ਨਾਮ ਜਪਿਆਂ ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ)।
ਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ,
ਤੇ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ ॥੬॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ,
ਤੇ ਜਿਸ ਦਾ ਨਾਮ ਜਪਿਆਂ ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ)।
ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ,
ਤੇ ਜਿਸ ਦਾ ਨਾਮ ਜਪਿਆਂ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ ॥੭॥
(ਹੇ ਭਾਈ!) ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ,
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ।
ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ,
ਨਾਨਕ ਆਖਦਾ ਹੈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ॥੮॥੨॥
(ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ) ਉਹ ਮਨੁੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ,
ਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ।
ਦਸਾਂ ਹੀ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ,
ਤੇ ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) ॥੧॥
(ਹੇ ਭਾਈ!) ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ ਆਤਮਕ ਬਲ ਪੈਦਾ ਹੁੰਦਾ ਹੈ,
ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ,
ਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ।
ਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸੁਣਦਾ ਹੈ,
ਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤ ਜੋੜਨ ਦਾ ਕਾਰਣ ਹੀ ਬਣਦਾ ਹੈ ॥੨॥
ਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ;
ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।
ਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ;
ਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ ॥੩॥
ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹੀ ਉਹ ਖਾਣ-ਪੀਣ ਦਾ ਵਿਹਾਰ ਕਰਦਾ ਹੈ, ਆਤਮਕ ਅਡੋਲਤਾ ਵਿਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ;
ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਮਿਟ ਜਾਂਦਾ ਹੈ;
ਆਤਮਕ ਅਡੋਲਤਾ ਵਿਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ,
ਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥
ਜੇ ਉਹ ਘਰ ਵਿਚ ਹੈ ਤਾਂ ਭੀ ਆਤਮਕ ਅਡੋਲਤਾ ਵਿਚ, ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ,