(ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।
ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥
ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ।
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ॥
ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ।
(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥
ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।
ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।
(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥
ਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ।
ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ॥੧॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ,
ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ ਰਹਾਉ॥
ਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ।
ਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ ॥੨॥
ਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।
ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ॥੩॥
ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਹੇ ਨਾਨਕ! ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ॥੪॥੭॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;
ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
ਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,
ਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ॥੧॥ ਰਹਾਉ ॥
ਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ,
ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥
ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।
ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥
ਹੇ ਨਾਨਕ! (ਉਸ ਮਨੁੱਖ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥