ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,
ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥
ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।
ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥
ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।
ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥
ਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।
ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥
ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।
ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥
ਜੰਗਲ ਨੂੰ ਢੰਡਣ ਦੀ ਕੀ ਲੋੜ ਹੈ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਦੇ ਘਰ ਵਿਚ ਹੀ ਹਰੀਆਵਲਾ ਜੰਗਲ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ॥੧॥
ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ।
ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ॥੧॥ ਰਹਾਉ ॥
ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ॥੨॥
ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ)।
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥
(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ।
(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ॥੪॥
ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ),
ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ॥੫॥
ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ, ਇਹ ਕਰਤਾਰ ਨੇ ਆਪ ਹੀ ਬਣਾਇਆ ਹੈ।
ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੬॥
ਧੁਰੋਂ ਹੀ (ਪ੍ਰਭੂ ਦੇ ਹੁਕਮ ਅਨੁਸਾਰ) ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ॥੭॥
ਉਹ ਮਾਲਕ ਆਪ ਹੀ ਇਹਨਾਂ (ਆਪ ਦੇ ਬਣਾਏ ਹੋਏ) ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ॥੮॥੧੭॥
ਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,
ਉਹ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਤੇ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਹੀਂ ਮਿਲਿਆ ॥੧॥
ਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ,
ਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਮਾਇਆ ਦੇ ਮੋਹ ਤੋਂ) ਖ਼ਲਾਸੀ ਕਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ।
ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੨॥
ਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ।
ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ ॥੩॥
ਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
(ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ ॥੪॥
ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ ॥੫॥
ਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ॥੬॥